ਨਿਰਧਾਰਤ ਤੋਂ ਘੱਟ ਬਿਜਲੀ ਸਪਲਾਈ ਮਿਲਣ ਵਿਰੁੱਧ ਸੰਘਰਸ਼ ਦੀ ਚਿਤਾਵਨੀ
ਬੀਰਬਲ ਰਿਸ਼ੀ
ਧੂਰੀ, 27 ਜੂਨ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਆਗੂ ਗੁਰਜੀਤ ਸਿੰਘ ਭੜੀ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਜੱਖਲਾਂ ਨੇ ਕਿਸਾਨਾਂ ਨੂੰ ਸਮੁੰਦਗੜ੍ਹ ਛੰਨਾਂ ਤੋਂ ਚੀਮਾ ਫੀਡਰ ਲਈ ਲਗਾਤਾਰ ਤਿੰਨ ਦਿਨਾਂ ਤੋਂ ਨਿਰਧਾਰਤ ਤੋਂ ਘੱਟ ਮਿਲੀ ਬਕਾਇਆ ਸਪਲਾਈ ਦੇਣ ਦੀ ਮੰਗ ਉਠਾਈ ਹੈ। ਜਥੇਬੰਦੀ ਦੇ ਆਗੂਆਂ ਨੇ ਸਪਲਾਈ ਬਹਾਲ ਨਾ ਕਰਨ ‘ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਆਗੂਆਂ ਨੇ ਦੱਸਿਆ ਕਿ ਪੀਐਸਪੀਸੀਐਲ ਵੱਲੋਂ ਕਿਸਾਨਾਂ ਨੂੰ ਨਿਰਧਾਰਤ ਅੱਠ ਘੰਟੇ ਬਿਜਲੀ ਸਪਲਾਈ ਦੇਣ ਲਈ ਹਾਲ ਹੀ ਦੌਰਾਨ ਦਿਨ ਸਪਲਾਈ ਦੋ ਗਰੁੱਪਾਂ ਵਿੱਚ ਸ਼ੁਰੂ ਕੀਤੀ ਹੈ ਜਿਸ ਤਹਿਤ ਪਹਿਲੇ ਗਰੁੱਪ ਵਿੱਚ ਸਵੇਰ 8 ਤੋਂ ਦੁਪਹਿਰ 12 ਜੋ ਪੂਰੀ ਮਿਲ ਰਹੀ ਹੈ ਜਦੋਂ ਕਿ ਦੂਜੇ ਗਰੁੱਪ ਜੋ ਦੁਪਹਿਰ 12 ਤੋਂ ਸ਼ਾਮ 8 ਵਜੇ ਤੱਕ ਚਲਦਾ ਹੈ ਉਸ ਵਿੱਚ ਲਗਾਤਾਰ ਤਿੰਨ ਦਿਨ ਤੋਂ ਸਪਲਾਈ ਪਾਵਰਕੱਟ ਕਾਰਨ ਤਕਰੀਬਨ ਇੱਕ ਘੰਟਾਂ ਹਰ ਰੋਜ ਨਿਰਧਾਰਤ ਤੋਂ ਘੱਟ ਮਿਲ ਰਹੀ ਹੈ। 66 ਕੇਵੀ ਗਰਿੱਡ ਸਮੁੰਦਗੜ੍ਹ ਛੰਨਾਂ ਤੋਂ ਚੀਮਾ-2 ਫੀਡਰ ਜਿਸ ਵਿੱਚ ਭੜੀਮਾਨਸਾ, ਮੀਮਸਾ ਦੀਆਂ ਮੋਟਰਾਂ, ਪਿੰਡ ਛੱਤਰੀਵਾਲਾ ਅਤੇ ਚੀਮਾ ਦੇ ਕਿਸਾਨਾਂ ਨੂੰ ਅੱਜ ਤਾਂ ਸਾਢੇ ਛੇ ਤੋਂ ਲੱਗਿਆ ਪਾਵਰਕੱਟ ਦੇਰ ਸ਼ਾਮ ਪੌਣੇ ਅੱਠ ਵਜੇ ਤੱਕ ਜ਼ਾਰੀ ਰਹਿਣ ਦਾਅਵਾ ਕੀਤਾ। ਕਿਸਾਨ ਆਗੂ ਭੜੀ ਨੇ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ‘ਤੇ ਬਕਾਇਆ ਬਿਜਲੀ ਪੂਰੀ ਕਰਨ ਦੀ ਮੰਗ ਕੀਤੀ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ‘ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਸਮੁੰਦਗੜ੍ਹ ਛੰਨਾ ਗਰਿੱਡ ‘ਤੇ ਗੱਲ ਕੀਤੀ ਤਾਂ ਉਨ੍ਹਾਂ ਉਕਤ ਫੀਡਰ ਦੇ ਦੂਜੇ ਗਰੁੱਪ ਵਿੱਚ ਦੋ ਦਿਨ ਕੱਟ ਲੱਗਣ ਦੀ ਪੁਸ਼ਟੀ ਕੀਤੀ ਪਰ ਦਫਤਰੀ ਰਿਕਾਰਡ ਮੁਤਾਵਿਕ 26 ਜੂਨ ਨੂੰ ਮਹਿਜ਼ 20 ਮਿੰਟ ਸਪਲਾਈ ਹੀ ਘੱਟ ਮਿਲਣ ਦੀ ਜਾਣਕਾਰੀ ਦਿੱਤੀ।
ਕਿਸਾਨਾਂ ਦੀ ਮੰਗ ਉੱਚ ਅਧਿਕਾਰੀਆਂ ਕੋਲ ਰੱਖਾਂਗਾ: ਐਕਸੀਅਨ
ਐਕਸੀਅਨ ਧੂਰੀ ਮਨੋਜ ਕੁਮਾਰ ਨੇ ਉਕਤ ਗਰਿੱਡ ‘ਤੇ ਪੀਸੀ ਕੱਟ ਲੱਗਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਬਿਜਲੀ ਸਪਲਾਈ ਖਰਾਬ ਹੋਣ ‘ਤੇ ਬਕਾਇਆ ਬਿਜਲੀ ਮਿਲ ਸਕਦੀ ਹੈ ਪਰ ਪਾਵਰਕੱਟ ‘ਤੇ ਨਹੀਂ। ਉਂਜ ਉਨ੍ਹਾਂ ਕਿਸਾਨਾਂ ਵੱਲੋਂ ਉਠਾਈ ਮੰਗ ਉੱਚ ਅਧਿਕਾਰੀਆਂ ਕੋਲ ਰੱਖਣ ਦਾ ਭਰੋਸਾ ਦਿੱਤਾ।