ਯੁੱਧ ਨਸ਼ਿਆਂ ਵਿਰੁੱਧ: 1.679 ਕਿਲੋ ਹੈਰੋਇਨ ਅਤੇ ਦੋ ਕਿਲੋ ਅਫ਼ੀਮ ਬਰਮਾਦ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 3 ਜੁਲਾਈ
ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਰੀਬ ਸਵਾ ਚਾਰ ਮਹੀਨਿਆਂ ਦੌਰਾਨ ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦਾਅਵਾ ਕੀਤਾ ਕਿ ਪੁਲੀਸ 409 ਮਾਮਲੇ ਦਰਜ ਕਰਦਿਆਂ 457 ਨਸ਼ਾ ਤਸਕਰਾਂ ਕੋਲੋ 1. 689 ਕਿਲੋ ਹੈਰੋਇਨ, ਦੋ ਕਿੱਲੋ ਅਫੀਮ, 41.40 ਕਿਲੋ ਭੁੱਕੀ, 350 ਗ੍ਰਾਮ ਸੁਲਫ਼ਾ ਅਤੇ 5895 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 1.74 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੀਆਂ ਅੱਠ ਨਜਾਇਜ਼ ਉਸਾਰੀਆਂ ’ਤੇ ਪੀਲਾ ਪੰਜਾ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਐਕਟ ਤਹਿਤ 13 ਮੁਕੱਦਮੇ ਦਰਜ ਕਰਕੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 255 ਲੀਟਰ ਨਾਜਾਇਜ਼ ਸ਼ਰਾਬ ਅਤੇ 30 ਲੀਟਰ ਲਾਹਣ ਜ਼ਬਤ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮੁਤਾਬਕ ਚਾਲੂ ਵਰ੍ਹੇ ਦੌਰਾਨ ਮਾਲੇਰਕੋਟਲਾ ਪੁਲੀਸ ਵੱਲੋਂ ਵੱਖ ਵੱਖ ਕੇਸਾਂ ਦੇ 16 ਭਗੌੜੇ ਗ੍ਰਿਫ਼ਤਾਰ ਕੀਤੇ ਹਨ।
ਸਾਈਬਰ ਕਰਾਈਮ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਸਾਈਬਰ ਕਰਾਈਮ ਅਧੀਨ 10 ਮੁਕੱਦਮੇ ਦਰਜ ਕਰਕੇ 3.50 ਲੱਖ ਰੁਪਏ ਦੀ ਰਾਸ਼ੀ ਹੋਲਡ ਕਰਵਾ ਕੇ ਵਾਪਸ ਕਰਵਾਈ ਜਾਣੀ ਹੈ ਜਦਕਿ ਜ਼ਿਲ੍ਹਾ ਪੁਲੀਸ ਵੱਲੋਂ ਗੁੰਮ ਹੋਏ 100 ਮੋਬਾਈਲ ਫੋਨ ਟਰੇਸ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਸਮੂਹ ਨਾਗਰਿਕਾਂ ਤੋਂ ਸਰਗਰਮ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਮੁਹਿੰਮ ਨੂੰ ਕਾਮਯਾਬ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਪੁਲੀਸ ਨੂੰ ਨਿਡਰਤਾ ਨਾਲ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਸੂਚਨਾ ਦੇਣ ਵਾਲੇ ਦਾ ਨਾਂ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।