ਪੁਲੀਸ ਚੌਕੀ ਅੱਗੇ ਡਟੇ ਵੋਕੇਸ਼ਨਲ ਅਧਿਆਪਕ
ਵੋਕੇਸ਼ਨਲ ਅਧਿਆਪਕਾਂ ਵੱਲੋਂ ਅੱਜ ਪੁਲੀਸ ਚੌਕੀ ਕੌਹਰੀਆਂ ਅੱਗੇ ਧਰਨਾ ਦੇ ਕੇ ਕੱਲ੍ਹ ਇੱਥੇ ਧਰਨੇ ਦੌਰਾਨ ਹਿਰਾਸਤ ਵਿੱਚ ਲਏ ਗਏ ਤਿੰਨ ਅਧਿਆਪਕਾਂ ’ਤੇ ਕੇਸ ਦਰਜ ਕਰਨ ਦੇ ਰੋਸ ਵਜੋਂ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਵੋਕੇਸ਼ਨਲ ਅਧਿਆਪਕ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਅਤੇ ਹੋਰ ਅਧਿਆਪਕਾਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਜਦੋਂ ਉਨ੍ਹਾਂ ਵੱਲੋਂ ਕੱਲ ਦਿੜ੍ਹਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਤੋਂ ਬਾਅਦ ਦਿੱਲੀ ਲੁਧਿਆਣਾ ਹਾਈਵੇਅ ’ਤੇ ਧਰਨਾ ਲਾਇਆ ਹੋਇਆ ਸੀ ਤਾਂ ਪੁਲੀਸ ਵੱਲੋਂ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਜਬਰੀ ਚੁੱਕ ਲਿਆ ਗਿਆ ਸੀ। ਇਸ ਦੌਰਾਨ ਹੀ ਅਧਿਆਪਕ ਭੁਪਿੰਦਰ ਸਿੰਘ ਰੋਪੜ, ਰਣਜੀਤ ਸਿੰਘ ਬਰਨਾਲਾ ਅਤੇ ਪਰਮਜੀਤ ਕੌਰ ਸੰਗਰੂਰ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈਣ ਉਪਰੰਤ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਹਰਬੰਸ ਸਿੰਘ ਦਿੜ੍ਹਬਾ ਤੇ ਕਿਸਾਨਾਂ ਨੇ ਵੀ ਹਮਾਇਤ ਕਰਦਿਆਂ ਧਰਨੇ ਵਿੱਚ ਸ਼ਮੂਲੀਅਤ ਕੀਤੀ। ਦੂਜੇ ਪਾਸੇ ਥਾਣਾ ਦਿੜ੍ਹਬਾ ਦੇ ਐੱਸਐੱਚਓ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਵਿੱਚ ਅਧਿਆਪਕਾਂ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਸੀ ਉਸ ਤਹਿਤ ਹੀ ਤਿੰਨ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।