ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮ; ਕਿਰਤੀ-ਕਾਮਿਆਂ ਨੇ ਔਜ਼ਾਰਾਂ ਦੀ ਪੂਜਾ ਕੀਤੀ
ਇੱਥੇ ਵਿਸ਼ਵਕਰਮਾ ਮੰਦਰ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ ਦੀ ਅਗਵਾਈ ਹੇਠ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਹਵਨ ਅਤੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਸਮੂਹ ਭਾਈਚਾਰੇ ਨੂੰ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਸਦਕਾ ਰਾਮਗੜ੍ਹੀਆ ਭਾਈਚਾਰੇ ਵੱਲੋਂ ਦੇਸ਼ ਅਤੇ ਪੰਜਾਬ ਦੀ ਸਨਅਤੀ ਅਤੇ ਖੇਤੀਬਾੜੀ ਖੇਤਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਆਪਾਂ ਨੂੰ ਸਖ਼ਤ ਮਿਹਨਤ ਅਤੇ ਸਿਰੜ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਸ ਦੌਰਾਨ ਸ਼ਹਿਰ ਵਿੱਚ ਕਿਰਤੀਆਂ ਵੱਲੋਂ ਔਜ਼ਾਰਾਂ ਦੀ ਪੂਜਾ ਵੀ ਕੀਤੀ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਬਾਜਵਾ, ਜਗਸੀਰ ਸਿੰਘ ਝਨੇੜੀ, ਰੁਪਿੰਦਰ ਸਿੰਘ ਰੰਧਾਵਾ, ਸਰਬਜੀਤ ਸਿੰਘ, ਰਣਜੀਤ ਸਿੰਘ ਤੂਰ, ਗੁਰਵਿੰਦਰ ਸਿੰਘ ਸੱਗੂ, ਵਰਿੰਦਰ ਸਿੰਘ ਬਿੱਲੂ, ਬਲਵਿੰਦਰ ਸਿੰਘ ਸੱਗੂ, ਦਰਸ਼ਨ ਸਿੰਘ ਦੇਵਾ, ਗੁਰਚਰਨ ਸਿੰਘ ਮਣਕੂ, ਰਾਜੂ ਪਨੇਸਰ, ਗੁਰਪ੍ਰੀਤ ਸਿੰਘ ਕੰਧੋਲਾ ਅਤੇ ਸ਼ਿੰਦਰਪਾਲ ਕੌਰ ਆਦਿ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਵਿਸ਼ਵਕਰਮਾ ਦਿਵਸ ਮੌਕੇ ਪਿੰਡ ਲਹਿਲ ਕਲਾਂ, ਰਾਏਧੜਾਣਾ, ਲਹਿਰਾਗਾਗਾ ਖਾਈ ਬਸਤੀ, ਮੰਡੀ ਸਮੇਤ ਵੱਖ-ਵੱਖ ਥਾਵਾਂ ’ਤੇ ਕਰਵਾਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਭਗਵਾਨ ਵਿਸ਼ਵਕਰਮਾ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਉਦਯੋਗਿਕ ਗਤੀਵਿਧੀਆਂ ਵਿੱਚ ਲੋਕਾਂ ਦੁਆਰਾ ਵਰਤੀ ਜਾਂਦੀ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੀ ਬਣਤਰ ਕਲਾ ਵਿੱਚ ਵੱਡੀ ਦੇਣ ਹੈ। ਸ੍ਰੀ ਗੋਇਲ ਨੇ ਲੋਕਾਂ ਨੂੰ ਇਸ ਮਹਾਨ ਦੇਵਤਾ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਨੇ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਹੁਨਰ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਸੰਕਲਪ ਲੈਣ ਕਿਉਂਕਿ ਇਹ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਮਾਰਕੀਟ ਕਮੇਟੀ ਚੇਅਰਮੈਨ ਸ਼ੀਸ਼ਪਾਲ ਆਨੰਦ, ਮਾਸਟਰ ਹਰਪਾਲ ਸਿੰਘ ਸਹੇਲੀਆਂ ਕਲਾਂ, ਸਰਪੰਚ ਜਸਪਾਲ ਸਿੰਘ ਕਾਲਾ ਪਿੰਡ ਲੇਹਲ ਕਲਾਂ ਤੇ ਡਾ. ਸ਼ਰਮਾ ਪਿੰਡ ਰਾਏਧਰਾਣਾ ਆਦਿ ਹਾਜ਼ਰ ਸਨ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਵਿਸ਼ਵਕਰਮਾ ਦਿਵਸ ਮੌਕੇ ਪਾਤੜਾਂ ਵਿੱਚ ਸਮਾਗਮਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਸਕੱਤਰ ਕਰਨ ਸਿੰਘ ਡੀਟੀਓ ਨੇ ਕਿਹਾ ਹੈ ਕਿ ਭਗਵਾਨ ਵਿਸ਼ਵਕਰਮਾ ਜੀ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਉਦਯੋਗਿਕ ਗਤੀਵਿਧੀਆਂ ਵਿੱਚ ਲੋਕਾਂ ਦੁਆਰਾ ਵਰਤੀ ਜਾਂਦੀ ਹਰ ਤਰ੍ਹਾਂ ਦੀ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੀ ਬਣਤਰ ਕਲਾ ਵਿੱਚ ਵੱਡੀ ਦੇਣ ਹੈ। ਉਨ੍ਹਾਂ ਲੋਕਾਂ ਨੂੰ ਇਸ ਮਹਾਨ ਦੇਵਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਉਨ੍ਹਾਂ ਦੀਆਂ ਸਿੱਖਿਆਵਾਂ ਹਮੇਸ਼ਾ ਵਿਕਾਸ ਲਈ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਭੁਨਰਹੇੜੀ ਵਿੱਚ ਵਿਸ਼ਵਕਰਮਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਵਿਸ਼ਵਕਰਮਾ ਮੰਦਰ ਭੁੰਨਰਹੇੜੀ ਵਿੱਚ ਭਗਵਾਨ ਵਿਸ਼ਵਕਰਮਾ ਅੱਗੇ ਨਤਮਸਤਕ ਹੋਣ ਤੋਂ ਬਾਅਦ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਕਿਰਪਾ ਨਾਲ ਹੀ ਸੂਈ ਬਣਾਉਣ ਤੋਂ ਲੈ ਕੇ ਦੁਨੀਆਂ ਨੇ ਜਹਾਜ਼ਾਂ ਦਾ ਸਫਰ ਕੀਤਾ ਹੈ। ਇਸ ਮੌਕੇ ਗੁਰਜੀਤ ਸਿੰਘ, ਸਰਪੰਚ ਵਕੀਲ ਮਸ਼ਾਲ, ਪੰਚ ਰਾਜਿੰਦਰ ਸਿੰਘ ,ਬਬਲਾ ਕੋਚ, ਤਰਸੇਮ ਧੀਮਾਨ, ਸੰਤੋਸ਼ ਮਿਗਲਾਨੀ, ਰਾਜੂ ਸਨੌਰ ਤੇ ਗੁਰਮੁੱਖ ਸਿੰਘ ਸੁਹਾਗਹੇੜੀ ਆਦਿ ਹਾਜ਼ਰ ਸਨ।
ਧੀਮਾਨ ਸੁਸਾਇਟੀ ਨੇ ਵਿਸ਼ਵਕਰਮਾ ਦਿਵਸ ਮਨਾਇਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਧੀਮਾਨ ਭਵਨ ਸੁਸਾਇਟੀ ਪਟਿਆਲਾ ਵੱਲੋਂ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਕਥਾਵਾਚਕ ਅੰਬਾਲੇ ਵਾਲੇ ਦਰਸ਼ਨ ਧੀਮਾਨ ਨੇ ਵਿਸ਼ਵਕਰਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੁੱਖ ਮਹਿਮਾਨਾਂ ’ਚ ਸ਼ਾਮਲ ਮੇੇਅਰ ਕੁੰਦਨ ਗੋਗੀਆ, ਸੇੇਵਾ ਮੁਕਤ ਆਈ ਏ ਐੱਸ ਗੁਰਿੰਦਰ ਸਿੰਘ ਢਿੱਲੋਂ (ਸਾਬਕਾ ਏਡੀਜੀਪੀ) ਅਤੇ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਚੇਅਰਮੈਨ ਜਗਜੀਤ ਸਿੰਘ ਸੱਗੂ ਸਮੇਤ ਹੋਰਨਾਂ ਨੇ ਵੀ ਇਸ ਭਾਈਚਾਰੇ ਨਾਲ ਜੁੜੇ ਕਿਰਤੀਆਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਓ ਬੀ ਸੀ ਫੈਡਰੇਸ਼ਨ ਵਲੋਂ ਚੇਅਰਮੈਨ ਅਮਰਜੀਤ ਸਿੰਘ ਰਾਮਗੜ੍ਹੀਆ, ਪਟਿਆਲਾ ਦੇ ਮਸ਼ਹੂਰ ਉਦਯੋਗਪਤੀ ਅਤੇ ਚੇਅਰਮੈਨ ਮੰਗਲ ਮਸੀਨ ਪ੍ਰਾਈਵੇਟ ਲਿਮਟਿਡ ਵਲੋਂ ਜੈ ਪ੍ਰਕਾਸ਼ (ਮੁੰਡੇ), ਸਟਾਰ ਇੰਡਸਟਰੀਜ਼ ਫੋਕਲ ਪੁਆਇੰਟ ਪਟਿਆਲਾ ਵੱਲੋਂ ਬਾਵਾ ਸਿੰਘ (ਲੋਟੇ) ਵਲੋਂ ਵੀ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਕੇਦਾਰ ਨਾਥ ਧੀਮਾਨ ਦੀ ਅਗਵਾਈ ਹੇਠਲੇ ਸਮਾਗਮ ’ਚ ਚੇਅਰਮੈਨ ਇੰਦਰਜੀਤ ਵਿਰਦੀ ਜਨਰਲ ਸਕੱਤਰ ਸਿਆਮ ਲਾਲ ਧੀਮਾਨ, ਵਾਈਸ ਪ੍ਰਧਾਨ ਦਵਾਰਕਾ ਦਾਸ, ਚੇਅਰਮੈਨ ਸੰਦੀਪ ਟੀਨਾ, ਕੈਸ਼ੀਅਨ ਰਾਜ ਕੁਮਾਰ ਧੀਮਾਨ, ਦਵਿੰਦਰ ਪੈਨੇਸਰ ਵਾਇਸ ਪ੍ਰਧਾਨ, ਰਾਜਿੰਦਰ ਧੀਮਾਨ, ਨਿਰਦੋਸ਼ ਧੀਮਾਨ, ਇਸ਼ੂ ਧੀਮਾਨ, ਯਸ਼ ਧੀਮਾਨ, ਪ੍ਰਦੀਪ ਧੀਮਾਨ ਤੇ ਰਾਜਿੰਦਰ ਸੋਧ ਆਦਿ ਨੇ ਸਹਿਯੋਗ ਦਿੱਤਾ। ਸਟੇਜ ਸਕੱਟਰ ਸ਼ਾਮ ਸਿੰਘ ਨੇ ਮਹਿਮਾਨਾਂ ਸਮੇਤ ਸਾਰੀ ਸੰਗਤ ਦਾ ਧੰਨਵਾਦ ਕੀਤਾ।