ਪਿੰਡ ਦੇਹਲਾ ਸੀਹਾਂ ਦਾ ਮਾਮਲਾ: ਡੀ ਐੱਸ ਪੀ ਅਤੇ ਥਾਣਾ ਮੁਖੀ ਦਾ ਤਬਾਦਲਾ
ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਅਤੇ ਕੇਸ ਰੱਦ ਕਰਨ ਦੀ ਮੰਗ ’ਤੇ ਅੜੇ ਪਿੰਡ ਵਾਸੀ ਤੇ ਕਿਸਾਨ ਅਾਗੂ
ਜ਼ਿਲ੍ਹੇ ਦੀ ਸਬ ਡਵੀਜ਼ਨ ਮੂਨਕ ਅਧੀਨ ਪੈਂਦੇ ਪਿੰਡ ਦੇਹਲਾ ਸੀਹਾਂ ਵਿੱਚ ਮੂਨਕ ਪੁਲੀਸ ਦੀ ਕਥਿਤ ਪੱਖਪਾਤੀ ਭੂਮਿਕਾ ਤੋਂ ਬਾਅਦ ਉਠੇ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਭਾਵੇਂ ਮੂਨਕ ਦੇ ਡੀ ਐੱਸ ਪੀ ਅਤੇ ਥਾਣਾ ਮੁਖੀ ਨੂੰ ਬਦਲ ਦਿੱਤਾ ਗਿਆ ਗਿਆ ਹੈ ਪਰ ਪਿੰਡ ਦੇ ਲੋਕ ਪਿੰਡ ਦੀ ਵਿਧਵਾ ਨੂੰਹ ਨੂੰ ਇਨਸਾਫ਼ ਦਿਵਾਉਣ ਅਤੇ ਪੁਲੀਸ ਵਲੋਂ ਦਰਜ ਕੀਤੇ ਦੋ ਕੇਸ ਰੱਦ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ।
ਪਿੰਡ ਦੀ ਵਿਧਵਾ ਨੂੰਹ ਅਤੇ ਪਿੰਡ ਦੇ ਅੱਠ ਵਿਅਕਤੀਆਂ ਖਿਲਾਫ਼ ਕੇਸ ਦਰਜ ਹੋਣ ਕਾਰਨ ਪੁਲੀਸ ਦੀ ਭੂਮਿਕਾ ਉਪਰ ਸਵਾਲ ਖੜ੍ਹੇ ਹੋਏ। ਵਿਧਵਾ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀਆਂ ਦੋ ਧੀਆਂ ਹਨ। ਉਸ ਨੂੰ ਜ਼ਮੀਨ ਵਿਚੋਂ ਹਿੱਸਾ ਨਹੀਂ ਮਿਲਿਆ ਜਿਸ ਦਾ ਕੇਸ ਚਲਦਾ ਹੈ। ਉਨ੍ਹਾਂ ਦੱਸਿਆ ਕਿ ਸਾਲ ਕੁ ਪਹਿਲਾਂ ਇੱਕ ਸਮਝੌਤੇ ਤਹਿਤ ਸਹੁਰੇ ਪਰਿਵਾਰ ਨੇ ਉਸ ਨੂੰ ਰਹਿਣ ਲਈ ਮਕਾਨ ਵਿੱਚੋਂ ਦੋ ਕਮਰੇ ਦਿੱਤੇ ਸਨ, ਜਿਸ ਵਿੱਚ ਉਸ ਨੇ ਬਿਜਲੀ ਦਾ ਮੀਟਰ ਲਗਵਾ ਲਿਆ ਸੀ। ਉਸ ਨੇ ਦੱਸਿਆ ਕਿ ਹੁਣ ਉਸਦੇ ਸਹੁਰੇ ਗੁਰਚਰਨ ਸਿੰਘ ਨੇ ਉਸ ਦੇ ਖਿਲਾਫ਼ ਮੂਨਕ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ।
ਮਹਿਲਾ ਦਾ ਦੋਸ਼ ਹੈ ਕਿ ਪੁਲੀਸ ਨੇ ਉਸ ਨੂੰ ਥਾਣੇ ਬੁਲਾ ਕੇ ਬਿਠਾਈ ਰੱਖਿਆ ਅਤੇ ਪਿੱਛੋਂ ਸਹੁਰੇ ਪਰਿਵਾਰ ਨੇ ਉਸ ਦੇ ਦੋ ਕਮਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਲੋਕ ਉਸਦੇ ਹੱਕ ਵਿੱਚ ਖੜ੍ਹ ਗਏ ਅਤੇ ਉਨ੍ਹਾਂ ਇਕੱਠੇ ਹੋ ਕੇ ਮੁੜ ਕਮਰਿਆਂ ਦਾ ਕਬਜ਼ਾ ਉਸ ਨੂੰ ਦਿਵਾਇਆ ਤਾਂ ਉਸਦੇ ਸਹੁਰੇ ਗੁਰਚਰਨ ਸਿੰਘ ਦੀ ਸ਼ਿਕਾਇਤ ’ਤੇ ਮੁੜ ਮੂਨਕ ਪੁਲੀਸ ਪਿੰਡ ਦੇਹਲਾ ਸੀਹਾਂ ਪੁੱਜ ਗਈ। ਜਦੋਂ ਪਿੰਡ ਦੇ ਸਰਪੰਚ, ਸਾਬਕਾ ਸਰਪੰਚ ਤੇ ਹੋਰਾਂ ਨੂੰ ਪੁਲੀਸ ਗੱਡੀਆਂ ਵਿੱਚ ਬਿਠਾ ਕੇ ਲਿਜਾਣ ਲੱਗੀ ਤਾਂ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਪੁਲੀਸ ਦੀਆਂ ਗੱਡੀਆਂ ਘੇਰ ਲਈਆਂ ਅਤੇ ਹਿਰਾਸਤ ’ਚ ਲਏ ਵਿਅਕਤੀਆਂ ਨੂੰ ਛੁਡਾ ਲਿਆ। ਇਸ ਦੌਰਾਨ ਪੁਲੀਸ ਅਤੇ ਪਿੰਡ ਵਾਸੀਆਂ ਵਿਚਕਾਰ ਟਕਰਾਅ ਵਾਲਾ ਮਾਹੌਲ ਬਣ ਗਿਆ ਸੀ।
ਪਿੰਡ ਦੀ ਵਿਧਵਾ ਨੂੰਹ ਅਤੇ ਪਿੰਡ ਦੇ ਅੱਠ ਵਿਅਕਤੀਆਂ ਖਿਲਾਫ਼ ਕੇਸ ਦਰਜ ਹੋਣ ਕਾਰਨ ਪੁਲੀਸ ਦੀ ਭੂਮਿਕਾ ਉਪਰ ਸਵਾਲ ਖੜ੍ਹੇ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪਰ ਵੀ ਪਿੰਡ ਵਾਸੀਆਂ ਦੇ ਹੱਕ ਵਿਚ ਨਿੱਤਰ ਆਈ ਹੈ। ਲੋਕਾਂ ਦੇ ਰੋਹ ਤੋਂ ਬਾਅਦ ਡੀ ਐੱਸ ਪੀ ਮੂਨਕ ਗੁਰਿੰਦਰ ਸਿੰਘ ਬੱਲ ਅਤੇ ਥਾਣਾ ਮੁਖੀ ਸੌਰਵ ਸੱਭਰਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਪੁਲੀਸ ਨੇ ਸੋਮਵਾਰ ਦਾ ਸਮਾਂ ਦਿੱਤਾ: ਕਿਸਾਨ ਆਗੂ
ਬੀ ਕੇ ਯੂ ਏਕਤਾ ਸਿੱਧੂਪਰ ਦੇ ਆਗੂ ਰਾਮਫਲ ਸਿੰਘ ਅਤੇ ਸਾਬਕਾ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਹੁਣ ਪੁਲੀਸ ਨੇ ਦਰਜ ਕੀਤੇ ਕੇਸ ਰੱਦ ਕਰਨ ਅਤੇ ਗ੍ਰਿਫ਼ਤਾਰ ਇੱਕ ਵਿਅਕਤੀ ਨੂੰ ਸੋਮਵਾਰ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਕਾਨੂੰਨ ਅਨੁਸਾਰ ਇਨਸਾਫ ਕੀਤਾ ਜਾਵੇਗਾ: ਐੱਸ ਐੱਚ ਓ
ਪੁਲੀਸ ਥਾਣਾ ਮੂਨਕ ਦੇ ਨਵੇਂ ਨਿਯੁਕਤ ਕੀਤੇ ਐੱਸ ਐੱਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ ਦੇਹਲਾ ਸੀਹਾਂ ਵਿੱਚ ਵਾਪਰੇ ਘਟਨਾਕ੍ਰਮ ਦੇ ਮਾਮਲੇ ਵਿੱਚ ਦੋ ਕੇਸ ਦਰਜ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਕਿਸਾਨ ਯੂਨੀਅਨ ਆਗੂ ਉਨ੍ਹਾਂ ਨੂੰ ਮਿਲੇ ਹਨ, ਜਿਨ੍ਹਾਂ ਨੇ ਗਗਨਦੀਪ ਕੌਰ ਦਾ ਪੱਖ ਰੱਖਿਆ ਹੈ। ਇਸ ਪੱਖ ਨੂੰ ਵਿਚਾਰਿਆ ਜਾਵੇਗਾ ਅਤੇ ਕਾਨੂੰਨ ਅਨੁਸਰ ਬਣਦਾ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਡੀ ਐੱਸ ਪੀ ਅਤੇ ਥਾਣਾ ਮੁਖੀ ਦੀ ਬਦਲੀ ਹੋਣ ਦੀ ਪੁਸ਼ਟੀ ਵੀ ਕੀਤੀ।

