ਹਡਾਣਾ ਸਬਜ਼ੀ ਮੰਡੀ ’ਚੋਂ ਨਾਜਇਜ਼ ਕਬਜ਼ੇ ਹਟਾਉਣ ਦੀ ਤਾਕੀਦ
ਆੜ੍ਹਤੀਆਂ ਨੂੰ ਇਕਮੱਤ ਹੋ ਕੇ ਚੱਲਣ ’ਤੇ ਜ਼ੋਰ ਤੇ ਸਬਜ਼ੀ ਮੰਡੀ ਦੀ ਨੁਹਾਰ ਬਦਲਣ ਦਾ ਵਾਅਦਾ
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਬਗਾਵਤ ਕਰਨ ਮਗਰੋਂ ਹਾਈਕਮਾਨ ਵੱਲੋਂ ਸਨੌਰ ਦੇ ਨਵੇਂ ਹਲਕਾ ਇੰਚਾਰਜ ਥਾਪੇ ਗਏ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਹਲਕਾ ਵਾਸੀਆਂ ਨਾਲ ਰਾਬਤੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਖਾਸ ਕਰਕੇ ਹਲਕੇ ਦਾ ਸਰਕਾਰ ਤੋਂ ਸਰਵਪੱਖੀ ਵਿਕਾਸ ਕਰਵਾਉਣ ਦੇ ਭਰੋਸੇ ਦਿੱਤੇ ਜਾ ਰਹੇ ਹਨ। ਅੱਜ ਉਨ੍ਹਾਂ ਸਨੌਰ ਹਲਕੇ ਵਿਚਲੀ ਆਧੁਨਿਕ ਤੇ ਵਿਸ਼ਾਲ ਸਬਜੀ ਮੰਡੀ ਦਾ ਦੌਰਾ ਕਰਕੇ ਸਬਜੀ ਵਿਕਰੇਤਾਵਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ।
ਆੜ੍ਹਤੀ ਵੈਲਫੇਅਰ ਸੁਸਾਇਟੀ ਦੇ ਨੁਮਾਂਇੰਦਿਆਂ ਅਤੇ ਮੰਡੀ ਦੇ ਹੋਰ ਵਪਾਰੀਆਂ ਨਾਲ ਮੀਟਿੰਗ ਕਰਦਿਆਂ ਜਿੱਥੇ ਮੁਸ਼ਕਲਾਂ ਸੁਣੀਆਂ, ਉਥੇ ਹੀ ਮੰਡੀ ਵਿਚਲੇ ਨਾਜਾਇਜ਼ ਕਬਜ਼ਿਆਂ ਦਾ ਨੋਟਿਸ ਵੀ ਲਿਆ। ਉਨ੍ਹਾਂ ਮੰਡੀ ’ਚ ਸਾਫ਼ ਸਫਾਈ ਰੱਖਣ ’ਤੇ ਵੀ ਜ਼ੋਰ ਦਿੱਤਾ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਤਾਕੀਦ ਕਰਦਿਆਂ ਕੰਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਾ ਕਰਨ ਦੀ ਗੱਲ ਵੀ ਆਖੀ। ਮੰਡੀ ਵਿੱਚ ਰੌਸ਼ਨੀ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਉਨ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਰਾਤ ਸਮੇਂ ਮੰਡੀ ਵਿੱਚ ਪੂਰੀ ਰੌਸ਼ਨੀ ਹੋਣੀ ਚਾਹੀਦੀ ਹੈ। ਹਡਾਣਾ ਨੇ ਵਿਚਲੇ ਬਾਕੀ ਕੰਮਾਂ ਦੀ ਵੀ ਸਮੀਖਿਆ ਕੀਤੀ ਤੇ ਬਕਾਇਆ ਕੰਮ ਜਲਦ ਪੂਰੇ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੰਡੀ ਕਿਸਾਨਾਂ ਦੀ ਆਸ ਤੇ ਆਮਦਨ ਦਾ ਕੇਂਦਰ ਵੀ ਹੈ ਇਸ ਦੀ ਸੰਭਾਲ ਵੀ ਜ਼ਰੂਰੀ ਪਹਿਲੂ ਹੈ।