ਨਿਵੇਕਲੀ ਪਹਿਲ: ਹਥਨ ਦੀ ਪੰਚਾਇਤ ਵੱਲੋਂ ਪਰਾਲੀ ਨਾ ਸਾੜਨ ਦਾ ਹੋਕਾ
ਪੰਚਾਇਤ, ਨੰਬਰਦਾਰਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਖੇਤ ਬਚਾਈਏ’ ਮੁਹਿੰਮ ਵਿੱਢੀ
ਭਵਿੱਖ ਦੀਆਂ ਪੀੜ੍ਹੀਆਂ ਲਈ ਸੁਗਾਤ ਵਜੋਂ ਸੁਰੱਖਿਅਤ ਸਿਹਤ ਤੇ ਵਾਤਾਵਰਨ ਦੇਣ ਦੇ ਮਕਸਦ ਨਾਲ ਪਿੰਡ ਹਥਨ ਦੇ ਸਰਪੰਚ ਕਮਲਜੀਤ ਸਿੰਘ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ‘ਖੇਤ ਬਚਾਈਏ’ ਮੁਹਿੰਮ ਵਿੱਢੀ ਹੈ। ਪੰਚਾਇਤ ਨੇ ਢੋਲ ਦੇ ਡੱਗੇ ਨਾਲ ਪਿੰਡ ਵਾਸੀਆਂ ਨੂੰ ਹਰੇ-ਭਰੇ, ਤੰਦਰੁਸਤ ਪੰਜਾਬ ਲਈ, ਪਰਾਲੀ ਦਾ ਯੋਗ ਪ੍ਰਬੰਧਨ ਕਰਨ ਦਾ ਹੋਕਾ ਦਿੱਤਾ ਤਾਂ ਜੋ ਜ਼ਿਲ੍ਹੇ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ‘ਜ਼ੀਰੋ’ ਕਰਨ ਦਾ ਮਕਸਦ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਮੁਹਿੰਮ ਦੀ ਕਾਮਯਾਬੀ ਦਾ ਸਫ਼ਰ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ। ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਦੀ ਪ੍ਰੇਰਨਾ ਸਦਕਾ ਅਤੇ ਐਸ.ਡੀ.ਐਮ. ਗੁਰਮੀਤ ਕੁਮਾਰ ਦੀ ਸਾਰਥਕ ਸੋਚ ਦੇ ਭਾਗੀਦਾਰ ਬਣਨ ਲਈ ਸਾਡੀ ਸਮੂਹ ਪੰਚਾਇਤ ਨੇ ਇਹ ਉਪਰਾਲਾ ਆਰੰਭਿਆ ਹੈ। ਕਮਲਜੀਤ ਸਿੰਘ ਨੇ ਕਿਹਾ, ‘‘ਸੁਪਰੀਮ ਕੋਰਟ, ਨੈਸ਼ਨਲ ਗਰੀਨ ਟ੍ਰਿਬਿਊਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਨਾ ਸਾੜਨ ਤੇ ਸੁਰੱਖਿਅਤ ਵਾਤਾਵਰਨ ਲਈ ਪੁਰੀ ਤਰ੍ਹਾਂ ਗੰਭੀਰ ਹਨ। ਸਾਡੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਵਾਤਾਵਰਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪਰਾਲੀ ਦੀ ਸੁਚੱਜੀ ਸੰਭਾਲ ਕਰੀਏ। ਇਸ ਲਈ ਕਿਸਾਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਨ।’’ ਸਰਪੰਚ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅਧੀਨ ਪੈਂਦੇ ਉਨ੍ਹਾਂ ਪਿੰਡਾਂ ਦੇ ਕਿਸਾਨਾਂ ਨਾਲ ਵਿਸ਼ੇਸ਼ ਰਾਬਤਾ ਕੀਤਾ ਜਾ ਰਿਹਾ ਹੈ, ਜਿੱਥੇ ਕਿ ਪਿਛਲੇ ਸਾਲਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੇਰੇ ਹੋਈਆਂ ਸਨ ਤਾਂ ਜੋ ਇਸ ਸਾਲ ਇਨ੍ਹਾਂ ਦੀ ਦਰ ਨੂੰ ਸਿਫ਼ਰ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਪੌਣ-ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਅਪੀਲ ਵੀ ਕੀਤੀ।