ਖਾਲੀ ਦੀਵਿਆਂ ਨਾਲ ਦੀਵਾਲੀ ਮਨਾਉਣਗੇ ਬੇਰੁਜ਼ਗਾਰ
‘ਮਾਨਾਂ ਸਾਡੀ ਦੇਖ ਦੀਵਾਲੀ, ਬੋਝੇ ਖਾਲੀ, ਦੀਵੇ ਖਾਲੀ’ ਦੇ ਨਾਅਰੇ ਤਹਿਤ ਸੰਗਰੂਰ ’ਚ ਰੋਸ ਮਾਰਚ ਅੱਜ
ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਬੇਰੁਜ਼ਗਾਰ ਖ਼ਾਲੀ ਦੀਵੇ ਲੈ ਕੇ ਅਤੇ ਕਾਲੇ ਚੋਲੇ ਪਾ ਕੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ‘ਖਾਲੀ ਦੀਵਾਲੀ’ ਮਨਾਉਣਗੇ ਅਤੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਤੀ ਦਾ ਭਾਂਡਾ ਭੰਨਣਗੇ। ਇਹ ਜਾਣਕਾਰੀ ਦਿੰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਅਮਨ ਸੇਖਾ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝਨੀਰ ਅਤੇ ਹਰਜਿੰਦਰ ਸਿੰਘ ਬੁਡਲਾਡਾ ਨੇ ਦੱਸਿਆ ਕਿ ‘ਮਾਨਾਂ ਸਾਡੀ ਦੇਖ ਦੀਵਾਲੀ, ਬੋਝੇ ਖਾਲੀ, ਦੀਵੇ ਖਾਲੀ’ ਦੇ ਨਾਅਰੇ ਹੇਠ ਭਲਕੇ 19 ਅਕਤੂਬਰ ਨੂੰ ਸਵੇਰੇ 11 ਵਜ਼ੇ ਬੇਰੁਜ਼ਗਾਰ ਡੀ ਸੀ ਦਫ਼ਤਰ ਅੱਗੇ ਇਕੱਠੇ ਹੋਣਗੇ ਅਤੇ ਖ਼ਾਲੀ ਦੀਵੇ ਲੈ ਕੇ ਅਤੇ ਕਾਲੇ ਚੋਲੇ ਪਾ ਕੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਨਗੇ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜਦਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਰੈਗੂਲਰ ਪੋਸਟ ਨਹੀਂ ਕੱਢੀ। ਇਸ ਕਾਰਨ ਹਜ਼ਾਰਾਂ ਬੇਰੁਜ਼ਗਾਰ ਲਗਾਤਾਰ ਓਵਰਏਜ਼ ਹੋ ਰਹੇ ਹਨ। ਬੇਰੁਜ਼ਗਾਰਾਂ ਨੇ ਦੋਸ਼ ਲਾਇਆ ਕਿ ਭਾਵੇਂ ਸਾਲ ਬਦਲੇ ਹਨ ਪਰ ਬੇਰੁਜ਼ਗਾਰਾਂ ਦੀ ਦੀਵਾਲੀ ਅਜੇ ਵੀ ਖ਼ਾਲੀ ਹੈ। ਉਨ੍ਹਾਂ ਦੇ ਦੀਵਿਆਂ ਵਿੱਚ ਤੇਲ ਨਹੀਂ ਤੇ ਨਾ ਹੀ ਬੱਤੀਆਂ ਹਨ। ਇਸ ਲਈ ਬੇਰੁਜ਼ਗਾਰ ਤਿਉਹਾਰ ਮੌਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵਾਅਦਾਖਿਲਾਫੀਆਂ ਤੋਂ ਜਾਣੂ ਕਰਵਾਉਣ ਲਈ ਰੋਸ ਮਾਰਚ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਨਵੀਆਂ ਪੋਸਟਾਂ ਦੇਣੀਆਂ ਤਾਂ ਦੂਰ ਸਗੋਂ ਪਿਛਲੀਆਂ ਭਰਤੀਆਂ, ਜਿਸ ਵਿੱਚ 343 ਲੈਕਚਰਾਰ 646 ਪੀਟੀਆਈ ਅਧਿਆਪਕ, 2000 ਪੀਟੀਆਈ ਅਧਿਆਪਕ 1158 ਸਹਾਇਕ ਪ੍ਰੋਫੈਸਰ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਲੈਕਚਰਾਰ ਸਹਾਇਕ ਪ੍ਰੋਫੈਸਰ ਦੀਆਂ ਅਸਾਮੀਆਂ ਕੱਢੀਆਂ ਜਾਣ, ਉਮਰ ਹੱਦ ਛੋਟ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਸ਼ਰਤ ਨੂੰ ਮੁੱਢ ਤੋਂ ਰੱਦ ਕੀਤਾ ਜਾਵੇ। ਆਰਟ ਐਂਡ ਕਰਾਫਟ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ। ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਵਿੱਚ ਉਮਰ ਹੱਦ ਛੋਟ ਦਿੱਤੀ ਜਾਵੇ।
ਮੁਲਾਜ਼ਮ ਤੇ ਪੈਨਸ਼ਨਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ
ਧੂਰੀ (ਪਵਨ ਕੁਮਾਰ ਵਰਮਾ): ਪੈਨਸ਼ਨਰ ਆਗੂ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਸਬ ਡਿਵੀਜ਼ਨ ਧੂਰੀ ਦੀ ਹੰਗਾਮੀ ਮੀਟਿੰਗ ਇਕਾਈ ਪ੍ਰਧਾਨ ਜੈਦੇਵ ਸ਼ਰਮਾ, ਸੂਬਾਈ ਮੀਤ ਪ੍ਰਧਾਨ ਹਰਦੇਵ ਸਿੰਘ ਜਵੰਧਾ ਅਤੇ ਚੇਅਰਮੈਨ ਕੁਲਵੰਤ ਸਿੰਘ ਧੂਰੀ ਦੀ ਅਗਵਾਈ ਹੇਠ ਸਥਾਨਕ ਪੈਨਸ਼ਨਰ ਦਫ਼ਤਰ ਵਿੱਚ ਹੋਈ। ਆਗੂਆਂ ਨੇ ਕਿਹਾ ਕਿ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਤੋਂ ਇਨਕਾਰੀ ਹੈ। ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਅਣਾ ਅਤੇ ਹਿਮਾਚਲ ਦੇ ਮੁਲਾਜ਼ਮਾਂ ਨਾਲੋਂ ਮਹਿੰਗਾਈ ਭੱਤੇ ਦੀਆਂ ਪੰਜ ਕਿਸ਼ਤਾਂ ਦਾ 16 ਫ਼ੀਸਦੀ ਘੱਟ ਡੀਏ ਲੈ ਰਹੇ ਹਨ ਜਿਸ ਕਾਰਨ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਮੀਟਿੰਗ ਵਿੱਚ ਕਰਮ ਸਿੰਘ ਮਾਨ, ਸਾਧੂ ਸਿੰਘ ਮੀਰਹੇੜੀ, ਬਚਿੱਤਰ ਸਿੰਘ ਧਾਲੀਵਾਲ, ਭਰਪੂਰ ਸਿੰਘ ਭੋਜੋਵਾਲੀ, ਹਰਬੰਸ ਸਿੰਘ ਸੋਢੀ, ਰਾਮ ਲਾਲ ਸ਼ਰਮਾ, ਬਲਦੇਵ ਸਿੰਘ ਪੀਪੀ ਅਤੇ ਗੁਲਜ਼ਾਰ ਸਿੰਘ ਜਹਾਂਗੀਰ ਹਾਜ਼ਰ ਸਨ।