ਜੇਸੀਬੀ ਤੇ ਮੋਟਰਸਾਈਕਲ ’ਚ ਟੱਕਰ, ਦੋ ਹਲਾਕ
ਸੁਭਾਸ਼ ਚੰਦਰ
ਸਮਾਣਾ, 18 ਜੂਨ
ਪਟਿਆਲਾ-ਰਾਮਨਗਰ ਸੜਕ ’ਤੇ ਪਿੰਡ ਕਰਹਾਲੀ ਨੇੜੇ ਲੰਘੀ ਰਾਤ ਜੇਸੀਬੀ ਮਸ਼ੀਨ ਅਤੇ ਮੋਟਰਸਾਈਕਲ ਦਰਮਿਆਨ ਆਹਮੋ-ਸਾਹਮਣੇ ਟੱਕਰ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਜੇਸੀਬੀ ਦਾ ਚਾਲਕ ਮਸ਼ੀਨ ਨੂੰ ਉਥੇ ਛੱਡ ਕੇ ਫ਼ਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਤੇਜਿੰਦਰ ਸਿੰਘ (20) ਪੁੱਤਰ ਗੁਰਮੁੱਖ ਸਿੰਘ ਅਤੇ ਅੰਮ੍ਰਿਤਪਾਲ ਸਿੰਘ (20) ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਰਹਾਲੀ ਵਜੋਂ ਹੋਈ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਰਾਮ ਨਗਰ ਪੁਲੀਸ ਚੌਕੀ ਦੇ ਏਐੱਸਆਈ ਗੁਰਬਾਜ਼ ਸਿੰਘ ਨੇ ਦੱਸਿਆ ਕਿ ਸੰਤ ਸਿੰਘ ਵਾਸੀ ਪਿੰਡ ਕਰਹਾਲੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਦੋਵੇਂ ਨੌਜਵਾਨ ਪਟਿਆਲਾ ’ਚ ਪ੍ਰਾਈਵੇਟ ਨੌਕਰੀ ਕਰਦੇ ਸਨ। ਰੋਜ਼ ਦੀ ਤਰ੍ਹਾਂ ਆਪਣਾ ਕੰਮ ਨਿਬੇੜ ਕੇ ਰਾਤ ਕਰੀਬ 8 ਵਜੇ ਮੋਟਰਸਾਈਕਲ ’ਤੇ ਪਟਿਆਲਾ ਤੋਂ ਆਪਣੇ ਪਿੰਡ ਕਰਹਾਲੀ ਵਾਪਸ ਆ ਰਹੇ ਸੀ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਸਾਹਮਣੇ ਤੋਂ ਆ ਰਹੀ ਜੇਸੀਬੀ ਮਸ਼ੀਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਵੇਂ ਨੌਜਵਾਨ ਮੋਟਰਸਾਈਕਲ ਸਣੇ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਗੰਭੀਰ ਹਾਲਤ ’ਚ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਤੇਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਅੰਮ੍ਰਿਤਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਅਧਿਕਾਰੀ ਅਨੁਸਾਰ ਜੇਸੀਬੀ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।