ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਦੇ ਸ਼ੈੱਡਾਂ ਲਈ ਪੌਣੇ ਦੋ ਕਰੋੜ ਮਨਜ਼ੂਰ
ਖਰੀਦ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਫ਼ਸਲ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਸੰਗਰੂਰ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਸਟੀਲ ਕਵਰ ਸ਼ੈੱਡ ਬਣਾਏ ਜਾ ਰਹੇ ਹਨ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਕੰਮ ਲਈ ਸਰਕਾਰ ਵੱਲੋਂ ਲਗਪਗ 1.85 ਕਰੋੜ ਦੇ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕਈਆਂ ਦਾ ਕੰਮ ਜਾਰੀ ਹੈ ਤੇ ਬਾਕੀਆਂ ਸਬੰਧੀ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹਲਕੇ ਦੇ 12 ਖਰੀਦ ਕੇਂਦਰਾਂ ਵਿੱਚ ਇਹ ਸ਼ੈੱਡ ਤਿਆਰ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 4 ਵੱਡੇ ਸ਼ੈੱਡ ਬਾਲੀਆਂ, ਗਹਿਲਾਂ, ਨਦਾਮਪੁਰ ਅਤੇ ਜਾਲੀਆਂ ਮੰਡੀਆਂ ਵਿੱਚ ਤਿਆਰ ਕੀਤੇ ਜਾਣਗੇ ਜਿਨ੍ਹਾਂ ਦੀ ਲਾਗਤ 31.12 ਲੱਖ ਰੁਪਏ ਪ੍ਰਤੀ ਸ਼ੈੱਡ ਆਵੇਗੀ। ਇਸ ਤੋਂ ਇਲਾਵਾ 8 ਸ਼ੈੱਡ ਖਰੀਦ ਕੇਂਦਰ ਚੰਨੋ, ਭਾਰੋਂ, ਮਾਝੀ, ਬਟੜਿਆਣਾ, ਬਾਸੀਅਰਕ, ਨਰੈਣਗੜ੍ਹ, ਕਪਿਆਲ ਅਤੇ ਕਾਲਾ ਝਾੜ ’ਚ ਬਣਾਏ ਜਾਣਗੇ, ਜਿਨ੍ਹਾਂ ’ਤੇ ਪ੍ਰਤੀ ਸ਼ੈੱਡ 7.62 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕਾ ਭਰਾਜ ਨੇ ਕਿਹਾ ਕਿ ਇਹ ਸ਼ੈੱਡ ਤਿਆਰ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁੱਲ੍ਹੇ ਅਸਮਾਨ ਹੇਠ ਰੱਖਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਫਸਲ ਦੇ ਸਟਾਕ ਨੂੰ ਮੌਸਮ ਦੇ ਅਸਰ ਤੋਂ ਬਚਾਇਆ ਜਾ ਸਕੇਗਾ। ਇਸ ਨਾਲ ਅਨਾਜ ਦੀ ਖ਼ਰਾਬੀ ਰੁਕੇਗੀ ਅਤੇ ਮੰਡੀਆਂ ’ਚ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਇਨ੍ਹਾਂ ਕਾਰਜਾਂ ਦੀ ਸ਼ੁਰੂਆਤ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ, ਸਗੁਰਪ੍ਰੀਤ ਸਿੰਘ ਚੰਨੋ, ਗੁਰਬਿੰਦਰ ਸਿੰਘ, ਵਿਕਰਮ ਨਕਟੇ ਨੇ ਕਰਵਾਈ। ਇਸ ਮੌਕੇ ਪਿੰਡਾਂ ਦੇ ਆਗੂ ਤੇ ਪੰਚਾਇਤ ਮੈਂਬਰ ਹਾਜ਼ਰ ਸਨ।