Truck Union Controversy: ਟਰੱਕ ਯੂਨੀਅਨ ਭਵਾਨੀਗੜ੍ਹ ਵਿਵਾਦ: MLA ਭਰਾਜ ਨੇ ਕਾਰਵਾਈ ਲਈ ਪੁਲੀਸ ਨੂੰ ਦਿੱਤੀ ਸ਼ਿਕਾਇਤ
ਵਿਧਾਇਕਾ ਨੇ ਇੱਕ ਪੁਲੀਸ ਅਧਿਕਾਰੀ ’ਤੇ ਸਮਝੌਤੇ ਲਈ ਦਬਾਅ ਪਾਉਣ ਦਾ ਲਾਇਆ ਦੋਸ਼; ਆਪਣੇ ਸੈਂਕੜੇ ਸਾਥੀਆਂ ਸਮੇਤ ਪੁਲੀਸ ਲਾਈਨ ਪੁੱਜ ਕੇ ਦਿੱਤਾ ਮੰਗ ਪੱਤਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਮਾਰਚ
Truck Union Controversy: ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਲਈ ਪੈਸੇ ਦੇ ਲੈਣ ਦੇਣ ਦੇ ਮਾਮਲੇ ’ਚ ਦੋਸ਼ੀਆਂ ਖਿਲਾਫ ਕਾਰਵਾਈ ਕਰਾਉਣ ਲਈ ਐਮਐਲਏ ਨਰਿੰਦਰ ਕੌਰ ਭਰਾਜ ਸੋਮਵਾਰ ਨੂੰ ਆਪਣੇ ਸੈਂਕੜੇ ਸਾਥੀਆਂ ਸਮੇਤ ਪੁਲੀਸ ਲਾਈਨ ਪੁੱਜੇ ਅਤੇ ਐਸਪੀ ਪਲਵਿੰਦਰ ਸਿੰਘ ਚੀਮਾ ਨੂੰ ਲਿਖਤੀ ਸ਼ਿਕਾਇਤ ਸੌਂਪੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਆਪਣੇ ਸਮਰਥਕਾਂ ਦਾ ਇਕੱਠ ਕੀਤਾ ਅਤੇ ਕਾਫਲੇ ਦੇ ਰੂਪ ’ਚ ਜ਼ਿਲ੍ਹਾ ਪੁਲੀਸ ਦਫ਼ਤਰ ਪੁੱਜੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਵੀਡਿਓ ਵਾਇਰਲ ਕਰਨ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਜਾਂਚ ਹੋਵੇ ਕਿ ਏਨੇ ਪੈਸੇ ਕਿੱਥੋਂ ਆਏ। ਮਨਜੀਤ ਸਿੰਘ ਕਾਕਾ ਦੇ ਪਰਿਵਾਰ ਦੀ ਜਾਂਚ ਹੋਵੇ ਕਿ ਇਨ੍ਹਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਵੀਡਿਓ ਵਾਇਰਲ ਹੋਣ ਤੋਂ ਤਿੰਨ ਦਿਨ ਪਹਿਲਾਂ ਇਕ ਪੁਲੀਸ ਅਧਿਕਾਰੀ ਉਨ੍ਹਾਂ ਦੇ ਘਰ ਆਇਆ ਸੀ ਅਤੇ ਵੀਡਿਓ ਦਾ ਜ਼ਿਕਰ ਕਰਦਿਆਂ ਉਸ ਉਪਰ ਸਮਝੌਤਾ ਕਰਨ ਦਾ ਦਬਅ ਪਾਇਆ ਗਿਆ। ਅਗਲੇ ਦਿਨਾਂ ’ਚ ਉਹ ਪੁਲੀਸ ਅਧਿਕਾਰੀ ਦਾ ਨਾਮ ਵੀ ਨਸ਼ਰ ਕਰਨਗੇ। ਉਨ੍ਹਾਂ ਹੈਰਾਨਗੀ ਪਰਗਟ ਕੀਤੀ ਕਿ ਹਾਲੇ ਤੱਕ ਪੁਲੀਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਉਨ੍ਹਾਂ ਮਨਜੀਤ ਸਿੰਘ ਕਾਕਾ ਦੀ ਸਿਹਤਯਾਬੀ ਦੀ ਵੀ ਕਾਮਨਾ ਕੀਤੀ।