ਨਹਿਰ ਹਾਦਸੇ ਦੇ ਮ੍ਰਿਤਕਾਂ ਨਮਿਤ ਸ਼ਰਧਾਂਜਲੀ ਸਮਾਗਮ
ਨੈਣਾਂ ਦੇਵੀ ਯਾਤਰਾ ਤੋਂ ਪਰਤਦਿਆਂ ਜਗੇੜਾ ਪੁਲ ਨੇੜੇ ਨਹਿਰ ਵਿੱਚ ਡੁੱਬਣ ਵਾਲੇ 10 ਸ਼ਰਧਾਲੂਆਂ ਨਮਿਤ ਅੱਜ ਪਿੰਡ ਮਾਣਕਵਾਲ ਵਿੱਚ ਸਾਂਝੇ ਤੌਰ ’ਤੇ ਕਰਵਾਏ ਗਏ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਗਰੀਬ ਪਰਿਵਾਰਾਂ ਦੇ ਅੱਥਰੂ ਪੂੰਝਣ ਲਈ ਸਰਕਾਰ ਦਾ ਕੋਈ ਮੰਤਰੀ ਜਾਂ ਅਧਿਕਾਰੀ ਨਹੀਂ ਪਹੁੰਚਿਆ। ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਅਤੇ ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਆਪਣੇ ਵੱਲੋਂ ਬੇਸ਼ੱਕ ਕੁੱਲ ਦੋ ਲੱਖ ਰੁਪਏ ਦੀ ਵਿੱਤੀ ਮਦਦ ਭੇਜਣ ਦਾ ਐਲਾਨ ਜ਼ਰੂਰ ਕੀਤਾ ਪਰ ਦੋਵੇਂ ਵਿਧਾਇਕਾਂ ਨੇ ਕਿਸੇ ਕਿਸਮ ਦਾ ਕੋਈ ਭਰੋਸਾ ਨਹੀਂ ਦਿੱਤਾ। ਇਸੇ ਦੌਰਾਨ ਇਲਾਕੇ ਦੇ ਸਮਾਜ ਸੇਵੀ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਨੇ ਮੌਕੇ ’ਤੇ ਹੀ ਹਰ ਮ੍ਰਿਤਕ ਦੇ ਪਰਿਵਾਰ ਨੂੰ 21-21 ਹਜ਼ਾਰ ਰੁਪਏ ਦੀ ਵਿੱਤੀ ਮੱਦਦ ਸੌਂਪ ਕੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਨਿਰੰਤਰ ਮਦਦ ਕਰਦੇ ਰਹਿਣ ਦਾ ਐਲਾਨ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਟਰੱਸਟ ਵੱਲੋਂ ਹਰ ਪਰਿਵਾਰ ਲਈ ਦੋ ਸਾਲ ਤੱਕ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਦੀ ਪੈਨਸ਼ਨ ਦੇਣ ਦਾ ਵਾਅਦਾ ਕੀਤਾ। ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ਼ ਵੱਲੋਂ ਵੀ ਹਰ ਮ੍ਰਿਤਕ ਦੇ ਵਾਰਸ ਨੂੰ ਪੰਜ ਪੰਜ ਹਜ਼ਾਰ ਰੁਪਏ ਦੀ ਮਦਦ ਪ੍ਰਦਾਨ ਕੀਤੀ ਗਈ। ਸਨਅਤਕਾਰ ਇੰਦਰਜੀਤ ਸਿੰਘ ਮੁੰਡੇ ਨੇ ਪੀੜਤ ਪਰਿਵਾਰਾਂ ਨੂੰ 5-5 ਹਜ਼ਾਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸ਼ਰਧਾਂਜ਼ਲੀ ਸਮਾਗਮ ਵਿੱਚ ਕਾਂਗਰਸੀ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖ਼ਤਰ, ਭਾਜਪਾ ਆਗੂ ਹੀਰਾ ਸਿੰਘ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਅਕਾਲੀ ਆਗੂ ਜਾਹਿਦਾ ਸੁਲੇਮਾਨ, ਸਰਪੰਚ ਕੇਸਰ ਸਿੰਘ ਮਾਣਕਵਾਲ, ਜਥੇਦਾਰ ਮਨਦੀਪ ਸਿੰਘ ਮਾਣਕਵਾਲ ਅਤੇ ਬਸਪਾ ਆਗੂ ਮੁਖਤਿਆਰ ਸਿੰਘ ਨੱਥੋਹੇੜੀ ਆਦਿ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।