ਵਿੱਤ ਵਿਭਾਗ ’ਚ ਪਦ-ਉਨਤੀਆਂ ਨੂੰ ਉਡੀਕ ਰਹੇ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਦੀ ਬਜਾਏ ਡਿਮੋਸ਼ਨਾਂ ਕਰਨ ਤੋਂ ਭੜਕੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ 2 ਘੰਟੇ ਦੀ ਮੁਕੰਮਲ ਕਲਮਛੱਡੋ ਹੜਤਾਲ ਕਰਕੇ ਪਦਉਨਤੀ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਵਿੱਤ ਵਿਭਾਗ ਦੇ ਇਸ ਫੈਸਲੇ ਨੂੰ ਮੁਲਾਜ਼ਾਮਾਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਖਜ਼ਾਨਾ ਕਰਮਚਾਰੀ ਯੂਨੀਅਨ ਸੰਗਰੂਰ ਦੇ ਪ੍ਰਧਾਨ ਲਛਮਣ ਸਿੰਘ ਅਤੇ ਜਨਰਲ ਸਕੱਤਰ ਗੁਰਸੰਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਤਰੱਕੀਆਂ ਦੇ ਨਾਂ ’ਤੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਦੇ ਮਨੋਬਲ ਨੂੰ ਭਾਰੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਤਰੱਕੀਆਂ ਦੀ ਉਡੀਕ ਕਰ ਰਹੇ ਸੀ ਪਰ ਵਿੱਤ ਵਿਭਾਗ ਵਲੋਂ ਬੀਤੀ 4 ਅਗਸਤ 2025 ਨੂੰ ਤਰੱਕੀਆਂ ਦੇ ਨਾਮ ’ਤੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰਦਿਆਂ ਪਹਿਲਾਂ ਤੋਂ ਹੀ ਜੂਨੀਅਰ ਸਹਾਇਕ ਲੈਵਲ-7 ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਤੌਰ ਸਹਾਇਕ ਖਜ਼ਾਨਚੀ ਲੈਵਲ-6 ਵਿਚ ਪਦਉਨਤ ਕਰ ਦਿੱਤਾ ਗਿਆ ਜੋ ਕਿ ਪ੍ਰਮੋਸ਼ਨ ਦੀ ਬਜਾਏ ਡਿਮੋਸ਼ਨ ਹੈ। ਵਿਭਾਗ ਦੇ ਇਸ ਮੁਲਾਜ਼ਮ ਵਿਰੋਧੀ ਫੈਸਲੇ ਤੋਂ ਖਫਾ ਪੰਜਾਬ ਭਰ ਵਿਚ ਵਿੱਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਰੋਸ ਵਜੋਂ 2 ਘੰਟੇ ਦੀ ਮੁਕੰਮਲ ਕਲਮਛੋੜ ਹੜਤਾਲ ਕਰਕੇ ਵਿਭਾਗ ਵਲੋਂ ਜਾਰੀ ਪਦਉਨਤੀਆਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮਾਂ ਨਾਲ ਸ਼ਰੇਆਮ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਦਾ ਮਨੋਬਲ ਡਿੱਗਿਆ ਹੈ ਅਤੇ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਵਿੱਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਫੈਸਲੇ ’ਤੇ ਮੁੜ ਵਿਚਾਰ ਕਰਕੇ ਜੂਨੀਅਰ ਸਹਾਇਕਾਂ ਨੂੰ ਬਣਦੀਆਂ ਤਰੱਕੀਆਂ ਬਤੌਰ ਸੀਨੀਅਰ ਸਹਾਇਕ ਲੈਵਲ-11 ਵਿਚ ਕੀਤੀਆਂ ਜਾਣ ਅਤੇ ਬਣਦੀਆਂ ਜਾਇਜ਼ ਪਦਉਨਤੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਵਲੋਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੈਨਸ਼ਨਰ ਯੂਨੀਅਨ ਸੰਗਰੂਰ ਦੇ ਪ੍ਰਧਾਨ ਭੁਪਿੰੰਦਰ ਸਿੰਘ ਜੱਸੀ ਵਲੋਂ ਖਜ਼ਾਨਾ ਮੁਲਾਜ਼ਮਾਂ ਨਾਲ ਹੋਏ ਧੱਕੇ ਦੀ ਨਿਖੇਧੀ ਕਰਦਿਆਂ ਯੂਨੀਅਨ ਨੂੰ ਹਰ ਤਰ੍ਹਾਂ ਦੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਪੈਨਸ਼ਨਰ ਯੂਨੀਅਨ ਦਿੜਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜੰਟਾ ਸਿੰਘ, ਸੁਰਿੰਦਰ ਸਿੰਘ ਸੋਢੀ, ਸਤਪਾਲ ਸਿੰਗਲਾ, ਅਵਿਨਾਸ ਸਰਮਾ, ਪੀ.ਸੀ.ਵਾਘਾ, ਹਰਵਿੰਦਰ ਸਿੰਘ ਭੱਠਲ, ਮਲਕੀਤ ਸਿੰਘ ਅਤੇ ਖਜ਼ਾਨਾ ਦਫ਼ਤਰ ਦੇ ਸਮੂਹ ਮੁਲਾਜ਼ਮ ਮੌਜੂਦ ਸਨ।
+
Advertisement
Advertisement
Advertisement
Advertisement
×