ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਿਖਲਾਈ ਕੈਂਪ
ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫਏਓ) ਦੇ ਸਹਿਯੋਗ ਨਾਲ ਜੀਈਐੱਫ-7 ਪ੍ਰਾਜੈਕਟ ਅਧੀਨ ਚੁਣੇ ਹੋਏ ਬਲਾਕ ਭਵਾਨੀਗੜ੍ਹ ਦੇ ਪਿੰਡ ਕਾਕੜਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 40 ਕਿਸਾਨਾਂ ਨੇ ਭਾਗ ਲਿਆ।
ਸਹਾਇਕ ਪ੍ਰੋਫੈਸਰ ਫਸਲ ਵਿਗਿਆਨ ਡਾ. ਰੁਕਿੰਦਰਪ੍ਰੀਤ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨਦੀਨਾਂ ਦੀ ਸਹੀ ਪਛਾਣ ਅਤੇ ਢੁੱਕਵੇਂ ਨਦੀਨਨਾਸ਼ਕਾਂ ਦਾ ਸਹੀ ਸਮੇਂ ਅਤੇ ਸਹੀ ਤਕਨੀਕ ਨਾਲ ਛਿੜਕਾਅ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸਹਾਇਕ ਪ੍ਰੋਫੈਸਰ ਖੇਤੀਬਾੜੀ ਇੰਜਨੀਅਰਿੰਗ ਡਾ. ਸੁਨੀਲ ਕੁਮਾਰ ਨੇ ਕਿਸਾਨਾਂ ਨੂੰ ਝੋਨੇ ਦੀ ਮੈਟ ਟਾਈਪ ਨਰਸਰੀ ਅਤੇ ਮਸ਼ੀਨੀ ਲਵਾਈ ਨੂੰ ਸਫਲ ਬਣਾਉਣ ਲਈ ਜ਼ਰੂਰੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਟਿਕਾਊ ਖੇਤੀ ਅਭਿਆਸਾਂ ਬਾਰੇ ਜਾਣੂੰ ਕਰਵਾਇਆ। ਕੈਂਪ ਦੌਰਾਨ ਕਿਸਾਨਾਂ ਵੱਲੋਂ ਖਾਦ ਅਤੇ ਨਦੀਨ ਪ੍ਰਬੰਧਨ ਬਾਰੇ ਪੁੱਛੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਅਖੀਰ ਵਿੱਚ ਅਗਾਂਹਵਧੂ ਕਿਸਾਨ ਦਰਬਾਰਾ ਸਿੰਘ ਦੇ ਖੇਤ ਵਿੱਚ ਲਗਾਈ ਗਈ ਝੋਨੇ ਦੀ ਪੀਆਰ 131 ਕਿਸਮ ਦੀ ਸਿੱਧੀ ਬਿਜਾਈ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ। ਕੈਂਪ ਵਿੱਚ ਹਾਜ਼ਰ ਸਮੂਹ ਕਿਸਾਨਾਂ ਨੂੰ ਸਾਉਣੀ 2025 ਦੀਆਂ ਕਿਤਾਬਾਂ ਵੰਡੀਆਂ ਗਈਆਂ।