ਬੱਕਰੀ ਫਾਰਮ ਖੁੱਲ੍ਹਵਾਉਣ ਦਾ ਝਾਂਸਾ ਦੇ ਕੇ ਤੀਹ ਲੱਖ ਠੱਗੇ
ਬੱਕਰੀ ਫਾਰਮ ਖੋਲ੍ਹਣ ਦੇ ਝਾਂਸੇ ਵਿੱਚ ਆ ਕੇ ਲੌਂਗੋਵਾਲ ਦਾ ਇੱਕ ਵਿਅਕਤੀ ਕਰੀਬ 30 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਅਨੁਸਾਰ ਬੱਕਰੀ ਫਾਰਮ ਖੁੱਲ੍ਹਵਾਉਣ ਦਾ ਭਰੋਸਾ ਦੇਣ ਵਾਲਾ ਵਿਅਕਤੀ ਆਪਣੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਵਾ ਕੇ ਫੋਨ ਚੁੱਕਣਾ ਵੀ ਬੰਦ ਕਰ ਗਿਆ ਜਿਸਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਅੱਜ ਵੱਖ-ਵੱਖ ਜਥੇਬੰਦੀਆਂ ਦਾ ਵਫ਼ਦ ਠੱਗੀ ਦਾ ਸ਼ਿਕਾਰ ਹੋਏ ਲੌਂਗੋਵਾਲ ਦੇ ਵਸਨੀਕ ਹਾਕਮ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਮਿਲਿਆ ਅਤੇ ਲਿਖਤੀ ਸ਼ਿਕਾਇਤ ਸੌਂਪਦਿਆਂ ਕਾਰਵਾਈ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂਆਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ ਜਸਵਿੰਦਰ ਸਿੰਘ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਪ੍ਰਧਾਨ ਬਲਬੀਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਪਿੰਡੀ ਕੈਬੋਵਾਲ ਦੇ ਸਰਪੰਚ ਦਰਸ਼ਨ ਸਿੰਘ ਆਦਿ ਮੋਹਤਬਰ ਸ਼ਾਮਲ ਸਨ। ਸ਼ਿਕਾਇਤਕਰਤਾ ਹਾਕਮ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਪਟਿਆਲਾ ਅਤੇ ਲੌਂਗੋਵਾਲ ਇਲਾਕੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰਕੇ ਲੋਕਾਂ ਵਿੱਚ ਵਿੱਚਰਦਾ ਹੈ ਅਤੇ ਸਭ ਲੋਕਾਂ ਨੂੰ ਬੱਕਰੀਆਂ ਦੇ ਫਾਰਮ ਖੋਲ੍ਹਣ ਦੇ ਕਿੱਤੇ ਨੂੰ ਅਪਣਾ ਕੇ ਵਪਾਰ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਵਿਅਕਤੀ ਨੇ ਉਸ ਕੋਲੋਂ ਡੇਢ ਲੱਖ ਰੁਪਏ ਨਕਦ ਅਤੇ ਕੁੱਲ 30 ਲੱਖ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਬੱਕਰੀਆਂ ਦੇ ਫਾਰਮ ਬਣਾਉਣ ਲਈ ਉਸ ਵੱਲੋਂ ਜਦੋਂ ਕੋਈ ਦਿਲਚਸਪੀ ਨਾ ਦਿਖਾਈ ਦਿੱਤੀ, ਮੇਰਾ ਫੋਨ ਚੁੱਕਣਾ ਬੰਦ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਉਸਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ, ਕੁਲਵਿੰਦਰ ਸੋਨੀ, ਅਮਰ ਸਿੰਘ ਲੌਂਗੋਵਾਲ, ਤਰਕਸ਼ੀਲ ਸੁਸਾਈਟੀ ਦੇ ਕੇਵਲ ਸਿੰਘ ਆਦਿ ਆਗੂ ਹਾਜ਼ਰ ਸਨ।