ਅਕਾਲੀ ਦਲ ਦੇ ਵਿਧਾਨ ਬਾਰੇ ਤਿੰਨ ਰੋਜ਼ਾ ਚਰਚਾ ਪਹਿਲੀ ਤੋਂ
ਮਾਲਵੇ ਦੇ ਸਿੱਖੀ ਦੇ ਕੇਂਦਰ ਮਸਤੂਆਣਾ ਸਾਹਿਬ ਵਿੱਚ ਅਕਾਲ ਕਾਲਜ ਕੌਂਸਲ ਦੇ ਨੁਮਾਇੰਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਹੋਰ ਪੰਥਕ ਜਥਿਆਂ ਤੇ ਸ਼ਖ਼ਸੀਅਤਾਂ ਦੀ ਮੀਟਿੰਗ ਹੋਈ। ਇਸ ਵਿਚ ਤੈਅ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਧੀ ਵਿਧਾਨ ਤੇ ਨੀਤੀ ਨੂੰ ਸਪਸ਼ਟ ਕਰਨ ਲਈ ਦੇਸ਼ ਵਿਦੇਸ਼ ਤੋਂ ਸਮੁੱਚੇ ਸਿੱਖ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਕੀਤੀ ਜਾਵੇ। ਇਹ ਚਰਚਾ ਮਸਤੂਆਣਾ ਸਾਹਿਬ ਵਿੱਚ ਪਹਿਲੀ ਤੋਂ 3 ਅਗਸਤ ਤੱਕ ਹੋਵੇਗੀ। ਵਿਚਾਰ ਚਰਚਾ ਦੌਰਾਨ ਆਏ ਅਕਾਲੀ ਦਲ ਦੇ ਵਿਧੀ ਵਿਧਾਨ ਤੇ ਵਿਚਾਰਾਂ ਦੇ ਆਧਾਰ ‘ਤੇ ਲਿਖਤੀ ਖਰੜਾ ਵੀ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਤਿਹਾਸ ਵਿਚ ਪੰਥ ਦੇ ਅਜਿਹੇ ਮਸਲਿਆਂ ਸਬੰਧੀ ਸੰਤ ਅਤਰ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ। ਜਿਸ ਕਰਕੇ ਇਹ ਵਿਚਾਰ ਚਰਚਾ ਸੰਤ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਸਮਾਗਮਾਂ ਨੂੰ ਸਮਰਪਿਤ ਹੋਵੇਗੀ। ਇਸ ਤੋਂ ਬਾਅਦ ਇਸੇ ਲੜੀ ਤਹਿਤ ਪੰਥ, ਪੰਜਾਬ ਦੇ ਹੋਰ ਅਹਿਮ ਮੁੱਦਿਆਂ ‘ਤੇ ਵੀ ਸਮਾਗਮ ਉਲੀਕੇ ਜਾਣਗੇ।
ਇਸ ਬੈਠਕ ਵਿਚ ਅਕਾਲ ਕਾਲਜ ਕੌਂਸਲ ਤੋਂ ਸਕੱਤਰ ਜਸਵੰਤ ਸਿੰਘ ਖਹਿਰਾ, ਕੌਂਸਲ ਮੈਂਬਰ ਗੁਰਜੰਟ ਸਿੰਘ ਗਿੱਲ, ਸਿਆਸਤ ਸਿੰਘ ਗਿੱਲ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੋਂ ਮੇਜਰ ਸਿੰਘ, ਅਜਮੇਰ ਸਿੰਘ ਮੰਡੇਰ, ਜਥੇਦਾਰ ਸਚਦੇਵ ਸਿੰਘ ਗਿੱਲ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਪਟਿਆਲਾ ਤੋਂ ਜਗਵਿੰਦਰਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।