ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ 11ਵਾਂ ਸੱਤ ਦਿਨਾ ਨੌਰਾ ਰਿਚਰਡਜ਼ ਥੀਏਟਰ ਫੈਸਟੀਵਲ ਅੱਜ ਸਮਾਪਤ ਹੋ ਗਿਆ ਅਤੇ ‘ਗਿਲੀਗੁਡੂ’ ਨਾਟਕ ਦਾ ਸਫਲ ਮੰਚਨ ਕੀਤਾ ਗਿਆ। ਇਹ ਨਾਟਕ ਰੂਪਾਂਤਰ ਤੇ ਨਿਰਦੇਸ਼ਨ ਪੰਜਾਬੀ ਰੰਗਮੰਚ ਤੇ ਫਿਲਮ ਕਲਾਕਾਰ ਡਾ. ਲੱਖਾ ਲਹਿਰੀ ਨੇ ਕੀਤਾ। ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਹੋਈ ਸਾਰਥਕ ਰੰਗਮੰਚ ਪਟਿਆਲਾ ਦੀ ਇਸ ਪੇਸ਼ਕਾਰੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਿਆਂ ਨਵੀਂ ਪੀੜ੍ਹੀ ਨੂੰ ਸਮਾਜਿਕ ਸੁਨੇਹਾ ਵੀ ਦਿੱਤਾ। ਇਹ ਨਾਟਕ ਦੋ ਰਿਟਾਇਰਡ ਬਜ਼ੁਰਗਾਂ ਦੀ ਕਹਾਣੀ ਸੀ, ਜੋ ਵੱਖੋ-ਵੱਖ ਢੰਗ ਨਾਲ ਜ਼ਿੰਦਗੀ ਜਿਓਂ ਰਹੇ ਹਨ। ਇਸ ’ਚ ਬਜ਼ੁਰਗਾਂ ਦੇ ਜੀਵਨ ਦਾ ਸਿਰਫ਼ ਖਾਕਾ ਹੀ ਨਹੀਂ ਚਿਤਰਿਆ ਬਲਕਿ ਜੀਵਨ ਦੀ ਕੌੜੀ ਸੱਚਾਈ ਨੂੰ ਵੀ ਛੂਹਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਕਿਵੇਂ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਘਰਾਂ ‘ਚ ਸਨਮਾਨ ਨਾ ਦੇ ਕੇ ਇਕੱਲਿਆਂ ਛੱਡ ਦਿੰਦੀ ਹੈ। ਨਨਾਟਕ ਬਦਲਦੀ ਗਤੀਸ਼ੀਲਤਾ ਨੂੰ ਸੂਖਮਤਾ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਧੁਨਿਕ ਜੀਵਨ ਵਿੱਚ ਪੁਰਾਤਨ ਪਹਿਲੂਆਂ ਦੀ ਪ੍ਰਸੰਗਿਕਤਾ ਅਤੇ ਸਮੇਂ ਦੇ ਨਾਲ ਬਦਲਾਅ ਦੀ ਜ਼ਰੂਰਤ ਦੀ ਗੱਲ ਵੀ ਕਰਦਾ ਹੈ। ਨਾਟਕ ਵਿੱਚ ਕਰਨਲ ਦੀ ਭੂਮਿਕਾ ਗੁਰਦਿੱਤ ਪਹੇਸ਼ ਨੇ ਤੇਲਗੂ ਰੰਗਤ ਵਾਲੀ ਹਿੰਦੀ ਭਾਸ਼ਾ ਨਾਲ ਪੇਸ਼ ਕਰਕੇ ਲੋਕਾਂ ਨੂੰ ਅਚੰਭਿਤ ਕਰ ਦਿੱਤਾ।
ਫਤਹਿ ਸੋਹੀ ਨੇ ਸੁਰਜੀਤ ਦਾ ਰੋਲ ਪਾਤਰ ਨਾਲ ਇੱਕ-ਮਿੱਕ ਹੋ ਕੇ ਨਿਭਾਇਆ। ਸਿਮਰਜੀਤ ਤੇ ਵਿਸ਼ਾਲ ਸੋਨਵਾਲ ਨੇ ਵੀ ਦਰਸ਼ਕਾਂ ਦੀਆਂ ਤਾਲੀਆਂ ਬਟੋਰੀਆਂ। ਬਾਕੀ ਕਲਾਕਾਰਾਂ ਵਿੱਚ ਕੁੰਵਰਜੀਤ ਸਿੰਘ, ਨੈਨਸੀ, ਉੱਤਮ ਦਰਾਲ ਅਤੇ ਹੁਸਨ ਕਲੇਰ ਨੇ ਵੀ ਭੂਮਿਕਾਵਾਂ ਨਾਲ ਇਨਸਾਫ਼ ਕੀਤਾ। ਕਲਾਤਮਕ ਰੋਸ਼ਨੀ ਪ੍ਰਭਾਵ ਪ੍ਰੀਤ ਕਾਰਖਲ ਨੇ ਦਿੱਤੇ। ਸੰਗੀਤ ਦਾ ਸੰਚਾਲਨ ਕੁਲਤਰਨ ਗਿੱਲ ਨੇ ਕੀਤਾ। ਨਾਟਕੀ ਸ਼ਾਮ ਦੇ ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਧੂਰੀ ਨੇ ਨਾਟਕ ਨੂੰ ਅਜੋਕੇ ਸਮਾਜ ਲਈ ਜਰੂਰੀ ਤੇ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਵਾਲਾ ਕਾਰਜ ਦੱਸਿਆ। ਵਿਸ਼ੇਸ਼ ਮਹਿਮਾਨ ਕੰਵਲਜੀਤ ਢੀਂਡਸਾ ਨੇ ਕਿਹਾ ਕਿ ਨਾਟਕ ਵਿੱਚ ਸਮਾਜ ਨੂੰ ਬਦਲਣ ਦੀ ਤਾਕਤ ਹੁੰਦੀ ਹੈ। ਕਲਾ ਭਵਨ ਆਡੀਟੋਰੀਅਮ ਨੂੰ ਨਵੀਂ ਦਿੱਖ ਦੇਣ ਬਾਰੇ ਵੀ ਐਲਾਨ ਕੀਤਾ।
ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਮਹਿਮਾਨਾ ਨੂੰ ਸਨਮਾਨਿਤ ਕੀਤਾ। ਡਾ. ਗਗਨ ਥਾਪਾ, ਡਾ. ਕੁਲਦੀਪ ਕੌਰ, ਡਾ. ਰਵੀ ਕੁਮਾਰ ਅਨੂੰ, ਅਮਰਿੰਦਰ ਬਜ਼ਾਜ਼, ਬਲਕਰਨ ਬਰਾੜ , ਦਲਜੀਤ ਡਾਲੀ, ਡਾ. ਸੁਰਜੀਤ ਭੱਟੀ, ਡਾ. ਕੁਮਕੁਮ ਬਜਾਜ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ।

