ਪੱਲੇਦਾਰਾਂ ਨੇ ਘੱਟ ਮਜ਼ਦੂਰੀ ਖ਼ਿਲਾਫ਼ ਗੁਦਾਮ ਅੱਗੇ ਧਰਨਾ ਦਿੱਤਾ
ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ; ਭਾਰੀ ਪੁਲੀਸ ਫੋਰਸ ਤਾਇਨਾਤ
ਢੋਆ-ਢੁਆਈ ਦੇ ਘੱਟ ਰੇਟਾਂ ’ਤੇ ਟੈਂਡਰ ਪਾਉਣ ਅਤੇ ਪੱਲੇਦਾਰਾਂ ਨੂੰ ਸਰਕਾਰੀ ਰੇਟਾਂ ਤੋਂ ਵੀ ਘੱਟ ਮਜ਼ਦੂਰੀ ਦੇਣ ਖ਼ਿਲਾਫ਼ ਅੱਜ ਪੰਜਾਬ ਪੱਲੇਦਾਰ ਯੂਨੀਅਨ ਨੇ ਗੁਦਾਮ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ। ਇਸ ਦੌਰਾਨ ਠੇਕੇਦਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿੱਚ ਪੰਜਾਬ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ, ਚੇਅਰਮੈਨ ਮੋਹਨ ਸਿੰਘ ਤੇ ਲਹਿਰਾਗਾਗਾ ਇਕਾਈ ਦੇ ਪ੍ਰਧਾਨ ਤੇਜਾ ਸਿੰਘ ਸਣੇ ਵੱਡੀ ਗਿਣਤੀ ਪੱਲੇਦਾਰ ਮੌਜੂਦ ਸਨ।
ਤੇਜਾ ਸਿੰਘ ਨੇ ਦੋਸ਼ ਲਾਇਆ ਕਿ ਠੇਕੇਦਾਰ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ। ਉਹ ਸਰਕਾਰੀ ਰੇਟਾਂ ਤੋਂ ਘੱਟ ਟੈਂਡਰ ਭਰਦਾ ਹੈ ਤੇ ਫਿਰ ਪੱਲੇਦਾਰਾਂ ਨੂੰ ਉਸ ਤੋਂ ਵੀ ਘੱਟ ਰੇਟ ਦੇ ਕੇ ਕੰਮ ਕਰਵਾਉਂਦਾ ਹੈ। ਸੂਬਾ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੂਰੇ ਰੇਟ ਨਾ ਦਿੱਤੇ ਗਏ ਤਾਂ ਪੱਲੇਦਾਰ ਨਾ ਤਾਂ ਖੁਦ ਕੰਮ ਕਰਨਗੇ ਤੇ ਨਾ ਹੀ ਕਿਸੇ ਬਾਹਰੀ ਮਜ਼ਦੂਰ ਨੂੰ ਕੰਮ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਲਹਿਰਾਗਾਗਾ ਤੋਂ ਸ਼ੁਰੂ ਕੇ ਸੂਬਾ ਪੱਧਰ ਤਕ ਲਿਜਾਇਆ ਜਾਵੇਗਾ। ਚੇਅਰਮੈਨ ਮੋਹਨ ਸਿੰਘ ਨੇ ਕਿਹਾ ਕਿ ਠੇਕੇਦਾਰ ਵੱਲੋਂ ਪੱਲੇਦਾਰਾਂ ਨਾਲ ਖੁੱਲ੍ਹੇਆਮ ਜ਼ੁਲਮ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਘਰਸ਼ ਨੂੰ ਦੇਖਦੇ ਹੋਏ ਗੁਦਾਮ ਨੇੜੇ ਭਾਰੀ ਪੁਲੀਸ ਫੋਰਸ ਤਾਇਨਾਤ ਕਰਨੀ ਪਈ। ਡੀ ਐੱਸ ਪੀ ਲਹਿਰਾਗਾਗਾ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਗੁਦਾਮ ਨੇੜੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ।

