ਚੰਗਾਲ ਸਕੂਲ ਦੇ ਜੇਤੂ ਕਬੱਡੀ ਖਿਡਾਰੀ ਸਨਮਾਨੇ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 5 ਸਤੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਦੇ ਖਿਡਾਰੀਆਂ ਨੇ ਸੰਗਰੂਰ ਜ਼ੋਨ ਦੀ ਅਗਵਾਈ ਕਰਦਿਆਂ ਪਿਛਲੇ ਦਿਨੀਂ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ ਵਿੱਚ ਹੋਈਆਂ 67ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਭਰ ਵਿੱਚੋਂ ਪਹਿਲਾ ਸਥਾਨ ਅਤੇ 19 ਸਾਲ ਗਰੁੱਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਸਕੂਲ ਪੁੱਜੇ ਖਿਡਾਰੀਆਂ ਦਾ ਸਮੂਹ ਸਟਾਫ ਅਤੇ ਵਿਿਦਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੇਤੂ ਖਿਡਾਰੀਆਂ ਅਤੇ ਡੀ.ਪੀ.ਈ. ਅਮਰੀਕ ਸਿੰਘ ਨੂੰ ਮੁਬਾਰਕਵਾਦ ਦਿੱਤੀ। ਸਮਾਰੋਹ ਦੌਰਾਨ ਡੀ.ਪੀ.ਈ. ਅਮਰੀਕ ਸਿੰਘ ਨੇ ਸਕੂਲ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤਰਨਵੀਰ ਸਿੰਘ ਸਿੱਧੂ ਅਤੇ ਬਲਜਿੰਦਰ ਸਿੰਘ ਕਾਲੀ ਵੱਲੋਂ ਦਿੱਤੇ ਸਹਿਯੋਗ ਅਤੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ ਲਈ ਧੰਨਵਾਦ ਵੀ ਕੀਤਾ। ਸਮਾਗਮ ਦੇ ਅਖੀਰ ਵਿੱਚ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਰਜਨੀ ਗੁਪਤਾ, ਕਰਮ ਸਿੰਘ ਬਾਵਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸਮੇਤ ਵੱਡੀ ਗਿਣਤੀ ਵਿਚ ਸਟਾਫ ਮੈਂਬਰ ਮੌਜੂਦ ਸਨ।