ਮਾਰਕੀਟ ਕਮੇਟੀ ਸੰਦੌੜ ਅਧੀਨ ਆਉਂਦੇ ਖਰੀਦ ਕੇਂਦਰ ਸਫ਼ਾਈ, ਪਾਣੀ ਤੇ ਬਿਜਲੀ ਤੋਂ ਸੱਖਣੇ
ਬੀਬਾ ਨਿਸ਼ਾਤ ਅਖਤਰ ਨੇ ਪ੍ਰਬੰਧਾਂ ਬਾਰੇ ਸਰਕਾਰੀ ਦਾਅਵਿਆਂ ਦੀ ਫੂਕ ਕੱਢੀ
ਕਾਂਗਰਸ ਪਾਰਟੀ ਦੀ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੀ ਇੰਚਾਰਜ ਅਤੇ ਪੰਜਾਬ ਕਾਂਗਰਸ ਦੀ ਸਕੱਤਰ ਬੀਬਾ ਨਿਸ਼ਾਤ ਅਖਤਰ ਨੇ ਹਲਕੇ ਦੀਆਂ ਮਾਰਕੀਟ ਕਮੇਟੀ ਸੰਦੌੜ ਅਧੀਨ ਆਉਂਦੀਆਂ 12 ਦਾਣਾ ਮੰਡੀਆਂ ਅੰਦਰ ਸਰਕਾਰ ਵੱਲੋਂ ਸਾਰੇ ਖਰੀਦ ਪ੍ਰਬੰਧ ਪੁਖ਼ਤਾ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਕਿਸੇ ਵੀ ਦਾਣਾ ਮੰਡੀ ਵਿੱਚ ਨਾ ਤਾਂ ਸਫ਼ਾਈ ਕਰਵਾਈ ਗਈ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ, ਬਿਜਲੀ ਅਤੇ ਪਖਾਨਿਆਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਵੱਖ-ਵੱਖ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਬੀਬਾ ਨਿਸ਼ਾਤ ਅਖਤਰ ਨੇ ਦੱਸਿਆ ਕਿ ਬਹੁਤੀਆਂ ਦਾਣਾ ਮੰਡੀਆਂ ਵਿੱਚ ਲੋਕਾਂ ਨੇ ਪਾਥੀਆਂ ਪੱਥੀਆਂ ਹੋਈਆਂ ਹਨ ਅਤੇ ਕਿਸੇ ਵੀ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਮੰਡੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਸਾਰੇ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਤੁਰੰਤ ਮੁਕੰੰਮਲ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਝੋਨਾ ਵੇਚਣ ਵੇਲੇ ਪਿਛਲੇ ਸਾਲਾਂ ਵਾਂਗ ਖੱਜਲ-ਖੁਆਰ ਨਾ ਹੋਣਾ ਪਵੇ। ਦੱਸਣਯੋਗ ਹੈ ਕਿ ਡੀਸੀ ਜ਼ਿਲ੍ਹਾ ਮਾਲੇਰਕੋਟਲਾ ਦੀਆਂ 46 ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਸਫ਼ਾਈ, ਬਿਨਾਂ ਰੁਕਾਵਟ ਬਿਜਲੀ ਸਪਲਾਈ, ਪੀਣ ਵਾਲੇ ਪਾਣੀ, ਪਖਾਨਿਆਂ ਦੀ ਸਹੂਲਤ ਅਤੇ ਕਿਸਾਨਾਂ-ਮਜ਼ਦੂਰਾਂ ਦੇ ਬੈਠਣ ਲਈ ਛਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਕੇ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਦਾਅਵਾ ਕਰ ਚੁੱਕੇ ਹਨ।
ਮੰਡੀਆਂ ’ਚ ਸਫ਼ਾਈ ਦਾ ਕੰਮ ਚੱਲ ਰਿਹੈ: ਮੰਡੀ ਸੁਪਰਵਾਈਜ਼ਰ
ਮਾਰਕੀਟ ਕਮੇਟੀ ਸੰਦੌੜ ਦੇ ਸੁਪਰਵਾਈਜ਼ਰ ਜਗਦੀਪ ਸਿੰਘ ਨੇ ਦੱਸਿਆ ਕਿ ਸੰਦੌੜ ਮਾਰਕੀਟ ਕਮੇਟੀ ਅਧੀਨ ਆਉਂਦੇ 12 ਖਰੀਦ ਕੇਂਦਰਾਂ ’ਚ ਸਫ਼ਾਈ ਦਾ ਕੰਮ ਜਾਰੀ ਹੈ। ਪਾਣੀ ਪਿਲਾਉਣ ਲਈ 24 ਦੇ ਕਰੀਬ ਕਰਮਚਾਰੀ ਭਰਤੀ ਕਰ ਲਏ ਗਏ ਹਨ ਪ੍ਰੰਤੂ ਪਾਵਰਕੌਮ ਵੱਲੋਂ ਖਰੀਦ ਕੇਂਦਰਾਂ ’ਚ ਬਿਜਲੀ ਦੇ ਮੀਟਰ ਪਹਿਲੀ ਅਕਤੂਬਰ ਤੋਂ ਬਾਅਦ ਹੀ ਲਾਏ ਜਾ ਸਕਣਗੇ।