ਨਵੀਂ ਸੜਕ ਟੁੱਟਣ ਦਾ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ
ਰਾਮਨਗਰ ਛੰਨਾ-ਸ਼ੇਰਪੁਰ ਨਵੀਂ ਬਣ ਰਹੀ ਟੁੱਟਣ ਦਾ ਭਖਿਆ ਮਾਮਲਾ ਅੱਜ ਦੂਜੇ ਦਿਨ ਵੀ ਸੁਲਘਦਾ ਰਿਹਾ। ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਸਰਕਾਰ ਦੇ ਤੈਅ ਮਾਪਦੰਡਾਂ ’ਤੇ ਸੜਕ...
ਰਾਮਨਗਰ ਛੰਨਾ-ਸ਼ੇਰਪੁਰ ਨਵੀਂ ਬਣ ਰਹੀ ਟੁੱਟਣ ਦਾ ਭਖਿਆ ਮਾਮਲਾ ਅੱਜ ਦੂਜੇ ਦਿਨ ਵੀ ਸੁਲਘਦਾ ਰਿਹਾ। ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਸਰਕਾਰ ਦੇ ਤੈਅ ਮਾਪਦੰਡਾਂ ’ਤੇ ਸੜਕ ਬਣਾਏ ਜਾਣ ਸਬੰਧੀ ਪੰਜਾਬ ਮੰਡੀ ਬੋਰਡ ਦੇ ਐੱਸ ਡੀ ਓ ਹਰਮਨ ਢੀਂਡਸਾ ਅਤੇ ਠੇਕੇਦਾਰ ਦੇ ਨੁਮਾਇੰਦੇ ਨਾਲ ਮੀਟਿੰਗ ਕੀਤੀ। ਕਿਸਾਨ ਆਗੂ ਕਰਮਜੀਤ ਸਿੰਘ ਛੰਨਾ ਅਤੇ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਬਣੀ ਹੋਈ ਸਾਰੀ ਸੜਕ ਨੂੰ ਵਾਚਿਆ ਜਿੱਥੇ ਸਾਫ਼ ਸਫਾਈ ਦੀ ਅਣਹੋਂਦ ਅਤੇ ਕਮੀਆਂ ਪੇਸ਼ੀਆਂ ਮੌਕੇ ’ਤੇ ਮੌਜੂਦ ਐੱਸ ਡੀ ਓ ਨੂੰ ਵਿਖਾਈਆਂ।
ਇਸ ਦੌਰਾਨ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੁੱਝ ਊਣਤਾਈਆਂ ਸਬੰਧੀ ਸਹਿਮਤ ਹੁੰਦਿਆਂ ਠੇਕੇਦਾਰ ਦੇ ਕਰਿੰਦਿਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਸਾਰਾ ਕੰਮ ਛੱਡ ਕੇ ਪਹਿਲਾਂ ਸਾਫ-ਸਫਾਈ ਵੱਲ ਧਿਆਨ ਕੇਂਦਰਤ ਕਰਨ। ਆਗੂਆਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਸੜਕ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਬਣ ਰਹੀਆਂ ਸੜਕਾਂ ਦੀ ਖੁਦ ਨਿਗਰਾਨੀ ਕਰਨ ਦਾ ਸੱਦਾ ਦਿੰਦਿਆਂ ਸਪਸ਼ੱਟ ਕੀਤਾ ਕਿ ਜੇਕਰ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਦੀ ਅਣਦੇਖੀ ਹੋਈ ਤਾਂ ਕਿਸਾਨ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।
ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ: ਐੱਸ ਡੀ ਓ
ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਹਰਮਨ ਢੀਂਡਸਾ ਅਤੇ ਜੇਈ ਪੰਕਜ ਮਹਿਰਾ ਨੇ ਦੱਸਿਆ ਕਿ ਵਿਭਾਗ ਦੇ ਮਾਪਦੰਡਾਂ ਅਨੁਸਾਰ ਪ੍ਰੀਮਿਕਸ 27 ਐੱਮਐੱਮ ਪਾਇਆ ਜਾਂਦਾ ਹੈ ਅਤੇ ਰੋਡ ਰੋਲਰ ਨਾਲ ਕੁਟਾਈ ਮਗਰੋਂ ਇਹ ਨਿਰਧਾਰਤ 20 ਤੋਂ 21 ਐੱਮਐੱਮ ਰਹਿ ਜਾਂਦੀ ਹੈ ਜੋ ਇੱਕ ਇੰਚ ਤੋਂ ਵੀ ਘੱਟ ਹੈ। ਵਿਭਾਗ ਦੇ ਐੱਸ ਡੀ ਓ ਹਰਮਨ ਢੀਂਡਸਾ ਨੇ ਬਾਕੀ ਕੰਮ ਬੰਦ ਕਰਕੇ ਸੜਕ ਦੀ ਪਹਿਲਾਂ ਸਫਾਈ ਕਰਨ ਦੀਆਂ ਕੀਤੀਆਂ ਹਦਾਇਤਾਂ ਦੀ ਪੁਸ਼ਟੀ ਕੀਤੀ ਅਤੇ ਭਰੋਸਾ ਦਿੱਤਾ ਉਹ ਸਰਕਾਰੀ ਨਿਯਮਾਂ ਦੇ ਘੇਰੇ ’ਚ ਰਹਿਕੇ ਕੰਮ ਕਰਦੇ ਹੋਏ ਲੋਕਾਂ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।