ਕਾਂਗਰਸ ਰੈਲੀ ਦੇ ਵਿਸ਼ਾਲ ਇਕੱਠ ਨੇ ਹਲਕੇ ਦਾ ਸਿਆਸੀ ਭਵਿੱਖ ਤੈਅ ਕੀਤਾ: ਸੁਲਤਾਨਾ
ਮਾਲੇਰਕੋਟਲਾ, 26 ਮਈ
ਇਥੇ ਸਥਾਨਕ ਟਰਨਿੰਗ ਪੁਆਇੰਟ ਵਿੱਚ ਬੀਤੇ ਦਿਨ ਹਲਕਾ ਪੱਧਰੀ ਸੰਵਿਧਾਨ ਬਚਾਓ ਰੈਲੀ ਨੂੰ ਮਿਲੇ ਹੁੰਗਾਰੇ ਲਈ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਨੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾ ਦਾਅਵਾ ਕੀਤਾ ਕਿ ਇਸ ਰੈਲੀ ਵਿੱਚ ਆਪ ਮੁਹਾਰੇ ਉਮੜੇ ਵਿਸ਼ਾਲ ਇਕੱਠ ਨੇ ਹਲਕਾ ਮਾਲੇਰਕੋਟਲਾ ਦੇ ਸਿਆਸੀ ਭਵਿੱਖ ਅਤੇ ਦੋ ਵਰ੍ਹਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਬੀਬੀ ਰਜ਼ੀਆ ਸੁਲਤਾਨਾ ਨੇ ਹਲਕੇ ਦੀ ਸਿਆਸੀ ਵਾਗਡੋਰ ਬੇਟੀ ਨਿਸ਼ਾਤ ਅਖਤਰ ਹਵਾਲੇ ਕਰਨ ਦੇ ਫ਼ੈਸਲੇ ਨੂੰ ਸਹੀ ਸਮੇਂ ਲਿਆ ਦਰੁੱਸਤ ਫ਼ੈਸਲਾ ਦਸਦਿਆਂ ਕਿਹਾ ਕਿ ਨਿਸ਼ਾਤ ਅਖਤਰ ਮਾਲੇਰਕੋਟਲਾ ਸਹਿਰ ’ਚ ਜੰਮੀ ਪਲੀ ਅਤੇ ਉਚ ਯੋਗਤਾ ਪ੍ਰਾਪਤ ਪੰਜਾਬਣ ਧੀ ਹੈ, ਜਿਸ ਕੋਲ ਹਲਕੇ ਦੀ ਆਵਾਮ ਦੇ ਦੁੱਖ-ਦਰਦਾਂ ਅਤੇ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਦੀ ਸਮਰੱਥਾ ਤੇ ਜ਼ਜ਼ਬਾ ਹੈ। ਉਨ੍ਹਾਂ ਹਲਕੇ ਦੀ ਆਵਾਮ ਨੂੰ ਅਪੀਲ ਕੀਤੀ ਕਿ ਉਹ ਮਾਲੇਰਕੋਟਲਾ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਸੁਨਹਿਰੇ ਭਵਿੱਖ ਲਈ ਬੀਬਾ ਨਿਸ਼ਾਤ ਅਖਤਰ ਦਾ ਡਟ ਕੇ ਸਾਥ ਦੇਣ। ਵਰਨਣਯੋਗ ਹੈ ਕਿ ਕੱਲ੍ਹ ਦੀ ਮਾਲੇਰਕੋਟਲਾ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਕੋ-ਇੰਚਾਰਜ ਰਵਿੰਦਰ ਡਾਲਵੀ ਨੇ ਬੀਬਾ ਨਿਸ਼ਾਤ ਅਖਤਰ ਨੂੰ ਹਲਕੇ ਦੀ ਵਾਗਡੋਰ ਸੰਭਾਲਣ ’ਤੇ ਅਸ਼ੀਰਵਾਦ ਦਿੰਦਿਆਂ ਉਸ ਨੂੰ ਮਾਲੇਰਕੋਟਲਾ ਦਾ ਭਵਿੱਖ ਦੱਸਿਆ ਸੀ। ਇਸ ਮੌਕੇ ਬੀਬੀ ਰਜ਼ੀਆ ਅਤੇ ਬੀਬਾ ਨਿਸ਼ਾਤ ਦੇ ਨਾਲ ਬਾਬੂ ਸੁਭਾਸ਼ ਚੰਦਰ ਕੁਠਾਲਾ, ਯੂਥ ਕਾਂਗਰਸੀ ਆਗੂ ਮਨਿੰਦਰ ਸਿੰਘ ਚਹਿਲ, ਗੁਰਲਵਲੀਨ ਸਿੰਘ ਚਹਿਲ , ਜਸਵਿੰਦਰ ਸਿੰਘ ਕੁਠਾਲਾ (ਦੋਵੇਂ ਸਾਬਕਾ ਸਰਪੰਚ), ਸਹਿਕਾਰੀ ਸਭਾ ਕੁਠਾਲਾ ਦੇ ਵਾਇਸ ਪ੍ਰਧਾਨ ਹਰਵਿੰਦਰ ਸਿੰਘ ਚਹਿਲ, ਤਾਊ ਗੁਰਦੇਵ ਸਿੰਘ, ਸਾਬਕਾ ਪ੍ਰਦਾਨ ਸੁਖਦੇਵ ਸਿੰਘ ਚਹਿਲ, ਨੰਬਰਦਾਰ ਮਨਦੀਪ ਸਿੰਘ ਚਹਿਲ, ਪੰਚ ਗਗਨਦੀਪ ਸਿੰਘ ਚਹਿਲ,ਪੰਚ ਮਨਪਰੀਤ ਸਿੰਘ ਗਿੱਲ ਅਤੇ ਪੰਚ ਜਰਨੈਲ ਸਿੰਘ ਹੈਪੀ ਆਦਿ ਆਗੂ ਵੀ ਮੌਜੂਦ ਸਨ।