ਬੁਲੇਟ ਦੇ ਪਟਾਕੇ ਪਾਉਣ ਤੋਂ ਰੋਕਣ ’ਤੇ ਫਾਰਮ ਹਾਊਸ ਦੀ ਤੋੜ-ਭੰਨ ਕੀਤੀ
ਪੱਤਰ ਪ੍ਰੇਰਕ
ਭਵਾਨੀਗੜ੍ਹ, 14 ਅਗਸਤ
ਇੱਥੋਂ ਨੇੜਲੇ ਪਿੰਡ ਨੰਦਗੜ੍ਹ ਵਿੱਚ ਨੌਜਵਾਨ ਨੂੰ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਤੋਂ ਰੋਕਣ ’ਤੇ ਉਸ ਨੇ ਜਗਜੀਤ ਸਿੰਘ ਜੱਗੀ ਦੇ ਫਾਰਮ ਹਾਊਸ ’ਤੇ ਹਮਲਾ ਕਰ ਕੇ ਤੋੜਭੰਨ ਕੀਤੀ।
ਇਸ ਸਬੰਧੀ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਨੌਜਵਾਨ ਕੋਮਲਪ੍ਰੀਤ ਸਿੰਘ ਨੂੰ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਤੋਂ ਰੋਕਿਆ ਸੀ। ਇਸ ਸਬੰਧੀ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਵੀ ਮਸਲਾ ਵਿਚਾਰਿਆ ਗਿਆ ਸੀ। ਜੱਗੀ ਨੇ ਦੋਸ਼ ਲਗਾਇਆ ਕਿ ਕੋਮਲਪ੍ਰੀਤ ਸਿੰਘ ਨੇ ਪਟਾਕੇ ਪਾਉਣ ਤੋਂ ਰੋਕਣ ਦੀ ਰੰਜਿਸ਼ ਰੱਖਦਿਆਂ ਕੁੱਝ ਹੋਰ ਮੁੰਡਿਆਂ ਨੂੰ ਨਾਲ ਲੈ ਕੇ ਬੀਤੀ ਸ਼ਾਮ ਉਸ ਦੇ ਘਰ ’ਤੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਮੁਰਗੀ ਫਾਰਮ ਦਾ ਨੁਕਸਾਨ ਕੀਤਾ ਜਿਸ ਕਾਰਨ ਮੁਰਗੀਆਂ ਭੱਜ ਗਈਆਂ। ਇਸ ਤੋਂ ਇਲਾਵਾ ਉਸ ਦੇ ਮੋਟਰਸਾਈਕਲ ਦੀ ਭੰਨਤੋੜ ਕਰ ਕੇ ਮੱਛੀਆਂ ਵਾਲੇ ਟੋਭੇ ਵਿਚ ਸੁੱਟ ਦਿੱਤਾ। ਟੋਭੇ ਵਿੱਚ ਮੋਟਰਸਾਈਕਲ ਦਾ ਪੈਟਰੋਲ ਡੁੱਲਣ ਕਾਰਨ ਮੱਛੀਆਂ ਮਰ ਗਈਆਂ ਹਨ।
ਪੁਲੀਸ ਚੌਕੀ ਜੌਲੀਆਂ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਪੁਲੀਸ ਪੜਤਾਲ ਕਰ ਰਹੀ ਹੈ।