ਭੂਲਣ ਵਿੱਚ ਪੀਣ ਵਾਲੇ ਪਾਣੀ ਦਾ ਮਸਲਾ ਨਾ ਹੋਇਆ ਹੱਲ
ਸਸਕਾਰ ਲਈ ਸ਼ਮਸ਼ਾਨਘਾਟ ਦਾ ਸ਼ੈੱਡ ਵੀ ਕਾਂਗਰਸੀ ਆਗੂ ਸਿੱਧੂ ਨੇ ਤਿਆਰ ਕਰਵਾਇਆ
ਹਲਕਾ ਲਹਿਰਾਗਾਗਾ ਦੇ ਪਿੰਡ ਭੂਲਣ ਦੇ ਵਾਸੀਆਂ ਨੂੰ ਲੰਬੀ ਉਡੀਕ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਸ਼ੈੱਡ ਨਸੀਬ ਹੋਇਆ ਹੈ। ਪਹਿਲਾਂ ਸ਼ੈੱਡ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸ਼ੈੱਡ ਦੀ ਉਸਾਰੀ ਸੂਬਾ ਸਰਕਾਰ ਨੇ ਨਹੀਂ ਕਰਵਾਈ ਬਲਕਿ ਇਹ ਮਸਲਾ ਸਾਹਮਣੇ ਆਉਣ ’ਤੇ ਕਾਂਗਰਸੀ ਆਗੂ ਦੁਰਲੱਭ ਸਿੱਧੂ ਖੁਦ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਤੁਰੰਤ ਸ਼ੈੱਡ ਉਸਾਰਨ ਦਾ ਭਰੋਸਾ ਦਿੱਤਾ ਅਤੇ ਆਪਣੀ ਟੀਮ ਦੇ ਸਹਿਯੋਗ ਨਾਲ ਪਿਛਲੇ 10-15 ਦਿਨਾਂ ਵਿੱਚ ਹੀ ਕੰਮ ਕਰਵਾਇਆ। ਉਨ੍ਹਾਂ ਵੱਲੋਂ ਅੱਜ ਇੱਕ ਨਵਾਂ ਸ਼ੈੱਡ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਸ ਨਾਲ ਹੁਣ ਮ੍ਰਿਤਕਾਂ ਦਾ ਖਰਾਬ ਮੌਸਮ ਵਿਚ ਵੀ ਸਸਕਾਰ ਕੀਤਾ ਜਾ ਸਕੇਗਾ। ਦੁਰਲੱਭ ਸਿੱਧੂ ਨੇ ਦੱਸਿਆ ਕਿ ਸਭ ਤੋਂ ਦਰਦਨਾਕ ਘਟਨਾ 28 ਅਗਸਤ ਨੂੰ ਵਾਪਰੀ ਸੀ ਜਦੋਂ ਮੀਂਹ ਕਾਰਨ ਇੱਕ ਪਰਿਵਾਰ ਨੂੰ ਆਪਣੇ ਪਿਆਰੇ ਦੇ ਸਸਕਾਰ ਲਈ 8 ਘੰਟੇ ਤੱਕ ਉਡੀਕ ਕਰਨੀ ਪਈ ਸੀ ਕਿਉਂਕਿ ਤੇਜ਼ ਮੀਂਹ ਕਾਰਨ ਸਸਕਾਰ ਨਾ ਹੋਇਆ ਤੇ ਮਜਬੂਰੀ ਵਿਚ ਪਿੰਡ ਵਾਸੀਆਂ ਨੇ ਚਿਤਾ ਨੂੰ ਪਾਲੀਥੀਨ ਨਾਲ ਢੱਕ ਕੇ ਰੱਖਿਆ।
ਇਸ ਦੇ ਨਾਲ ਹੀ ਸ੍ਰੀ ਦੁਰਲਭ ਸਿੱਧੂ ਨੇ ਪਿੰਡ ਭੂਲਣ ਵਿੱਚ ਪੀਣ ਵਾਲੇ ਪਾਣੀ ਦੇ ਲੰਬੇ ਸਮੇਂ ਤੋਂ ਲਟਕੇ ਲਈ ਸਮੱਸਿਆ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮੁੱਦਾ ਉਹ ਛੇ ਮਹੀਨੇ ਪਹਿਲਾਂ ਹੀ ਸਰਕਾਰ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਸੁਵਿਧਾਵਾਂ ਲਈ ਹੋਰ ਉਡੀਕ ਨਾ ਕਰਨੀ ਪਵੇ।