DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਠ ਦਿਨ ਬੀਤਣ ’ਤੇ ਵੀ ਨਾ ਹੋਇਆ ਸਸਕਾਰ

ਗੁਰਦੀਪ ਸਿੰਘ ਲਾਲੀ ਸੰਗਰੂਰ, 23 ਜੁਲਾਈ ਪਿੰਡ ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਉਰਫ਼ ਕਾਕਾ ਦੀ ਕਥਿਤ ਤੌਰ ’ਤੇ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਕਰੀਬ 8 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਹੋਇਆ ਕਿਉਂਕਿ ਪੀੜਤ...
  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਐੱਸਐੱਸਪੀ ਦਫ਼ਤਰ ਅੱਗੇ ਧਰਨੇ ਦਿੰਦੇ ਹੋਏ ਲੋਕ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 23 ਜੁਲਾਈ

Advertisement

ਪਿੰਡ ਕਾਂਝਲਾ ਦੇ ਨੌਜਵਾਨ ਲਖਵਿੰਦਰ ਸਿੰਘ ਉਰਫ਼ ਕਾਕਾ ਦੀ ਕਥਿਤ ਤੌਰ ’ਤੇ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਕਰੀਬ 8 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਹੋਇਆ ਕਿਉਂਕਿ ਪੀੜਤ ਪਰਿਵਾਰ ਆਪਣੇ ਪੁੱਤਰ ਦੀ ਮੌਤ ਲਈ ਮਹਿਲਾ ਪੁਲੀਸ ਮੁਲਾਜ਼ਮ ਅਤੇ ਪੁਲੀਸ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਿਹਾ ਹੈ। ਕਿਸਾਨ ਜਥੇਬੰਦੀਆਂ ਅਤੇ ਪਿੰਡ ਦੇ ਸੈਂਕੜੇ ਲੋਕ ਪੀੜਤ ਪਰਿਵਾਰ ਦੇ ਹੱਕ ਵਿੱਚ ਡਟੇ ਹੋਏ ਹਨ ਜਿਨ੍ਹਾਂ ਵੱਲੋਂ ਐਸਐਸਪੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।

ਧਰਨੇ ਕਾਰਨ ਸੰਗਰੂਰ-ਬਰਨਾਲਾ ਮੁੱਖ ਸੜਕ ਦੇ (ਐਸਐਸਪੀ ਦਫਤਰ ਵਾਲੀ ਸਾਈਡ) ਇੱਕ ਪਾਸੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਹੈ ਜਦੋਂ ਕਿ ਟਰੈਫਿਕ ਪੁਲੀਸ ਵੱਲੋਂ ਸਾਰੀ ਆਵਾਜਾਈ (ਸੜਕ ਦੀ ਦੂਜੀ ਸਾਈਡ) ਇੱਕ ਪਾਸੇ ਤੋਂ ਲੰਘਾਈ ਜਾ ਰਹੀ ਹੈ। ਅੱਜ ਦੂਜੇ ਦਿਨ ਐਕਸ਼ਨ ਕਮੇਟੀ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਇਸ ਮਾਮਲੇ ਨੂੰ ਲੈ ਕੇ ਮੀਟਿੰਗ ਸੰਭਵ ਨਹੀਂ ਹੋ ਸਕੀ ਜਦੋਂ ਕਿ ਲੰਘੇ ਕੱਲ੍ਹ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਧਰਨੇ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਕਨਵੀਨਰ ਜਗਰਾਜ ਸਿੰਘ ਹਰਦਾਸਪੁਰਾ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ, ਜ਼ਿਲ੍ਹਾ ਆਗੂ ਸਾਹਿਬ ਸਿੰਘ ਬਡਬਰ, ਬਾਬੂ ਸਿੰਘ ਖੁੱਡੀ ਕਲਾਂ ਪ੍ਰਧਾਨ ਬਲਾਕ ਬਰਨਾਲਾ, ਨਾਨਕ ਸਿੰਘ ਪ੍ਰਧਾਨ ਬਲਾਕ ਮਹਿਲ ਕਲਾਂ ਅਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਨਮੋਲ ਨੇ ਸੰਬੋਧਨ ਕੀਤਾ।

ਕਨਵੀਨਰ ਜਗਰਾਜ ਸਿੰਘ ਹਰਦਾਸਪੁਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਹੀ ਪੁਲੀਸ ਉਸ ਪੀੜਤ ਪਰਿਵਾਰ ਦੀ ਸੁਣਵਾਈ ਨਹੀਂ ਕਰ ਰਹੀ ਜਿਸ ਪਰਿਵਾਰ ਦੇ ਨੌਜਵਾਨ ਪੁੱਤ ਦੀ ਮ੍ਰਿਤਕ ਦੇਹ ਪਿਛਲੇ 8 ਦਿਨਾਂ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਪਈ ਹੈ। ਪੀੜਤ ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਲਖਵਿੰਦਰ ਸਿੰਘ ਦਾ ਸਾਜ਼ਿਸ਼ ਤਹਿਤ ਕਤਲ ਹੋਇਆ ਹੈ ਜਿਸ ਦੇ ਲਈ ਇੱਕ ਮਹਿਲਾ ਪੁਲੀਸ ਮੁਲਾਜ਼ਮ ਅਤੇ ਇੱਕ ਪੁਲੀਸ ਅਧਿਕਾਰੀ ਜ਼ਿੰਮੇਵਾਰ ਹੈ। ਬੁਲਾਰਿਆਂ ਐਲਾਨ ਕੀਤਾ ਕਿ ਜਦੋਂ ਤੱਕ ਕਤਲ ਦੇ ਦੋਸ਼ ਹੇਠ ਕੇਸ ਦਰਜ ਨਹੀਂ ਹੁੰਦਾ ਉਦੋਂ ਤੱਕ ਰੋਸ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਲਖਵਿੰਦਰ ਸਿੰਘ ਉਰਫ਼ ਕਾਕਾ ਬੀਤੀ 12 ਜੁਲਾਈ ਨੂੰ ਸਵੇਰੇ ਗੁਰਦੁਆਰਾ ਮਸਤੂਆਣਾ ਸਾਹਿਬ ਅੱਗੇ ਕਾਰ ’ਚ ਜ਼ਖ਼ਮੀ ਹਾਲਤ ’ਚ ਮਿਲਿਆ ਸੀ ਜਿਸ ਦੇ ਸਿਰ ’ਚ ਗੋਲੀ ਲੱਗੀ ਸੀ। ਇਲਾਜ ਦੌਰਾਨ ਉਸ ਦੀ ਪੀਜੀਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ ਸੀ। ਧਰਨੇ ਦੌਰਾਨ ਮ੍ਰਿਤਕ ਦੇ ਪਿਤਾ ਮਲਕੀਤ ਸਿੰਘ, ਮਾਤਾ ਜਗਰੂਪ ਕੌਰ, ਭਰਾ ਰਾਜਵਿੰਦਰ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਲ ਸਨ।

Advertisement
×