ਉਮੀਦਵਾਰ ਦਾ ‘ਟਰੱਕ’ ਅੰਤਲੇ ਦਿਨੀਂ ‘ਜੀਪ’ ਬਣਿਆ
ਨਵੇਂ ਨਿਸ਼ਾਨ ਦੇ ਪ੍ਰਚਾਰ ਲਈ ਸਿਰਫ਼ ਦੋ ਦਿਨ ਮਿਲੇ; ਸਿਆਸੀ ਆਗੂਆਂ ਤੇ ਸਮਰਥਕਾਂ ’ਚ ਰੋਸ
ਇੱਥੇ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੀ ਮਹਿਲਾ ਉਮੀਦਵਾਰ ਨੂੰ ਮਿਲਿਆ ਚੋਣ ਨਿਸ਼ਾਨ ‘ਟਰੱਕ’ ਪ੍ਰਚਾਰ ਦੌਰਾਨ ਬਦਲ ਕੇ ਅੰਤਲੇ ਦਿਨੀਂ ‘ਜੀਪ’ ਬਣ ਗਿਆ। ਇਸ ਕਾਰਨ ਉਮੀਦਵਾਰ ਉਸ ਦੇ ਸਿਆਸੀ ਆਗੂਆਂ ਤੇ ਸਮਰਥਕਾਂ ’ਚ ਰੋਸ ਦੀ ਲਹਿਰ ਹੈ। ਉਨ੍ਹਾਂ ਇਸ ਪਿੱਛੇ ਸੱਤਾਧਾਰੀ ਧਿਰ ‘ਆਪ’ ਦੀ ਕਥਿਤ ਮਿਲੀਭੁਗਤ ਦੇ ਦੋਸ਼ ਲਾਏ ਹਨ।
ਇਹ ਭਾਣਾ ਜ਼ਿਲ੍ਹਾ ਪਰਿਸ਼ਦ ਦੇ ਜੋਨ ਮਸੀਂਗਣ ਤੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਤਰਫੋਂ ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਕਰਮਜੀਤ ਕੌਰ ਮੋਹਲਗੜ੍ਹ ਨਾਲ ਵਾਪਰਿਆ। ਛੇ ਦਸੰਬਰ ਨੂੰ ਚੋਣ ਨਿਸ਼ਾਨ ਅਲਾਟ ਹੋਣ ’ਤੇ ਉਨ੍ਹਾਂ ਨੇ ਸ਼ਾਮ ਤੱਕ ਚੋਣ ਨਿਸ਼ਾਨ ਟਰੱਕ ਸਬੰਧੀ ਪੋਸਟਰ ਅਤੇ ਬੈਨਰ ਆਦਿ ਛਪਵਾ ਕੇ ਮਸੀਂਗਣ ਜ਼ੋਨ ਵਿਚਲੇ ਪਿੰਡਾਂ ’ਚ ਵੰਡ ਅਤੇ ਚਿਪਕਾ ਦਿਤੇ। ਫਿਰ ਚੋਣ ਮੀਟਿੰਗਾਂ ਦੌਰਾਨ ਸਾਬਕਾ ਐੱਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਸਣੇ ਹੋਰਨਾਂ ਨੇ ਵੀ ਲੋਕਾਂ ਨੂੰ ਟਰੱਕ ਚੋਣ ਨਿਸ਼ਾਨ ’ਤੇ ਮੋਹਰਾਂ ਲਾ ਕੇ ਕਰਮਜੀਤ ਕੌਰ ਨੂੰ ਕਾਮਯਾਬ ਕਰਨ ਦੀਆਂ ਅਪੀਲਾਂ ਕੀਤੀਆਂ। ਸਮਰਥਕਾਂ ਨੇ ਵੀ ਟਰੱਕ ਦੇ ਹਵਾਲੇ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ
ਲੋਕਾਂ ਨੂੰ ਸਮਝਾਉਣ ਲਈ ਜਦੋਂ ਡੰਮੀ ਬੈਲੇਟ ਪੇਪਰ ਬਣਾਉਣ ਸਬੰਧੀ ਚੋਣ ਅਮਲੇ ਤੋਂ ਪ੍ਰਵਾਨਗੀ ਲੈਂਦਿਆਂ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕੀਤੇ ਗਏ ਤਾਂ ਉਸ ’ਚ ਟਰੱਕ ਦੀ ਥਾਂ ‘ਜੀਪ’ ਚੋਣ ਨਿਸ਼ਾਨ ਦਰਸਾਇਆ ਪਾਇਆ ਗਿਆ। ਇਸ ਤੋਂ ਵਿਵਾਦ ਹੋਣ ’ਤੇ ਚੋਣ ਅਮਲੇ ਨੇ ਕਿਹਾ ਕਿ ਪਹਿਲੇ ਦਿਨੋਂ ਹੀ ਜੀਪ ਚੋਣ ਨਿਸ਼ਾਨ ਅਲਾਟ ਹੈ। ਉਮੀਦਵਾਰ ਅਤੇ ਉਸ ਦੇ ਪਤੀ ਲਖਵਿੰਦਰ ਸਿੰਘ ਨਾਜਰ ਨੇ ਕਿਹਾ ਕਿ ਉਹ ਸਾਜ਼ਿਸ਼ ਦਾ ਸ਼ਿਕਾਰ ਹੋਏ ਹਨ।
ਇਸ ਸਮੱਸਿਆ ਦਾ ਕੋਈ ਹੱਲ ਨਾ ਹੁੰਦਾ ਦੇਖ ਕੇ ਕਰਮਜੀਤ ਕੌਰ ਨੇ ‘ਜੀਪ’ ਚੋਣ ਨਿਸ਼ਾਨ ਦੇ ਨਾਲ ਨਵੇਂ ਪੋਸਟਰ ਅਤੇ ਬੈਨਰ ਛਪਵਾ ਕੇ ਜ਼ੋਨ ਵਿਚਲੇ ਪਿੰਡਾਂ ਵਿੱਚ ਵੰਡਣ ਅਤੇ ਚਿਪਕਾਉਣ ਸਣੇ ਪ੍ਰਚਾਰ ਕੀਤਾ। ਇਨ੍ਹਾਂ ਦਾ ਜ਼ੋਨ ਵੀ ਸਭ ਤੋਂ ਵੱਡਾ ਹੈ ਜਿਸ ’ਚ 74 ਪਿੰਡ ਹਨ। ਪ੍ਰਚਾਰ ਲਈ 6 ਤੋਂ 12 ਦਸੰਬਰ ਤੱਕ ਛੇ ਦਿਨ ਹੀ ਸਨ ਪਹਿਲੇ ਚਾਰ ਦਿਨ ਤਾਂ ਉਹ ਟਰੱਕ ਦਾ ਹੀ ਪ੍ਰਚਾਰ ਕਰਦੇ ਰਹੇ। 11 ਦਸੰਬਰ ਨੂੰ ਪਤਾ ਲੱਗਣ ’ਤੇ ਹੁਣ ਜੀਪ ਸਬੰਧੀ ਪ੍ਰਚਾਰ ਸ਼ੁਰੂ ਕੀਤਾ ਪਰ 12 ਦੀ ਸ਼ਾਮ ਨੂੰ ਚੋਣ ਪ੍ਰਚਾਰ ਹੀ ਬੰਦ ਹੋ ਗਿਆ।
ਪ੍ਰੇਮ ਸਿੰਘ ਚੰਦੂਮਾਜਰਾ ਨੇ ‘ਆਪ’ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਰਮਜੀਤ ਕੌਰ ਦੀ ਸਥਿਤ ਮਜ਼ਬੂਤ ਹੋਣ ਕਰ ਕੇ ਹੀ ‘ਆਪ’ ਨੇ ਇਹ ਸਾਜ਼ਿਸ਼ ਰਚੀ ਹੈ।
ਉਮੀਦਵਾਰ ਨੂੰ ਭੁਲੇਖਾ ਲੱਗਿਆ: ਅਧਿਕਾਰੀ
ਰਿਨਰਨਿੰਗ ਅਫ਼ਸਰ ਏ ਡੀ ਸੀ ਡਾ. ਇਸ਼ਮਤ ਵਿਜੈ ਸਿੰਘ ਨੇ ਕਿਹਾ ਕਿ ਕਰਮਜੀਤ ਕੌਰ ਨੂੰ ਪਹਿਲੇ ਦਿਨ ਹੀ ਜੀਪ ਚੋਣ ਨਿਸ਼ਾਨ ਅਲਾਟ ਹੋਇਆ ਸੀ। ਇਸ ਸਬੰਧੀ ਉਸ ਦੇ ਦਸਤਖ਼ਤ ਵੀ ਹਨ, ਇਸ ਕਰ ਕੇ ਉਮੀਦਵਾਰ ਨੂੰ ਹੀ ਭੁਲੇਖਾ ਲੱਗ ਗਿਆ।

