ਨਸ਼ਾ ਰੋਕੂ ਕਮੇਟੀ ਨੇ ਸ਼ਰਾਬ ਦੇ ਠੇਕੇ ਨੂੰ ਤਾਲਾ ਲਾਇਆ
ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਅਗਸਤ
ਪਿੰਡ ਲਹਿਲ ਕਲਾਂ ਤੇ ਗੁਰੂ ਨਾਨਕ ਨਗਰ ਲੋਹਲ ਦੀ ਸਾਂਝੀ 75 ਮੈਂਬਰੀ ਨਸ਼ਾ ਰੋਕੂ ਕਮੇਟੀ ਨੇ ਪਾਤੜਾਂ ਰੋਡ ’ਤੇ ਨਹਿਰ ਨੇੜੇ ਚੱਲਦੇ ਸ਼ਰਾਬ ਦੇ ਠੇਕੇ ਨੂੰ ਜਿੰਦਰਾ ਲਾ ਦਿੱਤਾ ਹੈ। ਇਸ ਤੋਂ ਇਲਾਵਾ ਪਿੰਡ ’ਚ ਇਕ ਅਣ-ਅਧਿਕਾਰਤ ਤੌਰ ’ਤੇ ਚੱਲਦੀ ਮੈਡੀਕਲ ਦੁਕਾਨ ਦੇ ਮਾਲਕ ਨੂੰ ਮੈਡੀਕਲ ਨਸ਼ੇ ਨਾ ਵੇਚਣ ਸਬੰਧੀ ਚਿਤਾਵਨੀ ਦਿੱਤੀ ਗਈ ਹੈ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਅਤੇ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਬਲਜੀਤ ਸਿੰਘ ਸਰਾਓ ਤੋਂ ਇਲਾਵਾ ਹੋਰ ਆਗੂਆਂ ਨੇ ਕਈ ਦਿਨ ਪਹਿਲਾਂ ਨਸ਼ੇ ਵੇਚਣ ਵਾਲਿਆਂ ਅਤੇ ਖਾਣ ਵਾਲਿਆਂ ਖਿਲਾਫ ਕਾਰਵਾਈ ਸਬੰਧੀ ਮਤਾ ਪਾ ਕੇ ਥਾਣਾ ਮੁਖੀ ਲਹਿਰਾਗਾਗਾ ਮਨਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਸੀ। ਇਸ ਸਬੰਧੀ ਅੱਜ ਨਸ਼ਾ ਰੋਕੂ ਕਮੇਟੀ ਵਲੋਂ ਪਿੰਡ ਵਿਚ ਮੋਟਰਸਾਈਕਲ ਮਾਰਚ ਵੀ ਕੀਤਾ ਗਿਆ। ਸਰਪੰਚਾਂ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਸ਼ਰਾਬ, ਚਿੱਟਾ ਅਤੇ ਮੈਡੀਕਲ ਨਸ਼ੇ ਨਹੀਂ ਵਿਕਣ ਦਿੱਤੇ ਜਾਣਗੇ। ਦੂਜੇ ਪਾਸੇ ਕਮੇਟੀ ਦੇ ਆਗੂਆਂ ਨੂੰ ਠੇਕੇਦਾਰ ਦਰਬਾਰਾ ਸਿੰਘ ਹੈਪੀ ਨੇ ਕਿਹਾ ਕਿ ਉਨ੍ਹਾਂ ਦੇ ਠੇਕੇ ਜਾਇਜ਼ ਹਨ ਜਦੋਂ ਕਮੇਟੀ ਆਗੂਆਂ ਨੇ ਉਨ੍ਹਾਂ ਤੋਂ ਕਾਗ਼ਜ਼ ਪੱਤਰ ਮੰਗੇ ਤਾਂ ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ਵਿਚ ਉਹ ਕਾਗਜ਼ ਲਿਆ ਕੇ ਦਿਖਾ ਦੇਣਗੇ। ਇਸ ਮੌਕੇ ਸਾਬਕਾ ਸਰਪੰਚ ਸਤਗੁਰ ਸਿੰਘ ਦੰਦੀਵਾਲ, ਜਗਤਾਰ ਸਿੰਘ ਨੰਬਰਦਾਰ ਤੋਂ ਇਲਾਵਾ ਨਸ਼ਾ ਰੋਕੂ ਕਮੇਟੀ ਦੇ ਆਗੂ ਮੌਜੂਦ ਸਨ।