DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀ ਬੇਰੰਗ ਪਰਤੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 20 ਜੁਲਾਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੋਂ ਨੇੜਲੇ ਪਿੰਡ ਘਰਾਂਚੋ ਵਿੱਚ ਇਕ ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਕਾਈ ਪ੍ਰਧਾਨ ਰਘਵੀਰ ਸਿੰਘ ਦੀ ਅਗਵਾਈ ਹੇਠ ਡਟ ਕੇ ਵਿਰੋਧ ਕੀਤਾ ਗਿਆ।...
  • fb
  • twitter
  • whatsapp
  • whatsapp
featured-img featured-img
ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿੱਚ ਵਾਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਕਰਦੇ ਹੋਏ ਕਿਸਾਨ।-ਫੋਟੋ: ਮੱਟਰਾਂ
Advertisement

ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 20 ਜੁਲਾਈ

Advertisement

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਥੋਂ ਨੇੜਲੇ ਪਿੰਡ ਘਰਾਂਚੋ ਵਿੱਚ ਇਕ ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਕਾਈ ਪ੍ਰਧਾਨ ਰਘਵੀਰ ਸਿੰਘ ਦੀ ਅਗਵਾਈ ਹੇਠ ਡਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੇ ਹੀ ਇੱਕ ਆੜ੍ਹਤੀਏ ਵਿਜੇ ਕੁਮਾਰ, ਧਰਮਵੀਰ ਪੁੱਤਰ ਸੋਹਣ ਲਾਲ ਨਾਲ ਅੱਜ ਤੋਂ ਲਗਪਗ 60 ਸਾਲ ਪਹਿਲਾਂ ਮੇਜਰ ਸਿੰਘ, ਜਰਨੈਲ ਸਿੰਘ, ਰੁਲਦੂ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਘਰਾਚੋਂ ਨਾਲ ਘਰ ਦਾ ਤਬਾਦਲਾ ਹੋਇਆ ਸੀ, ਜਿਸ ਦੀ ਪੱਕੀ ਲਿਖਤ ਹੋਈ ਸੀ। ਪਰ ਹੁਣ ਸੇਠ ਸੋਹਣ ਲਾਲ ਦਾ ਪਰਿਵਾਰ ਤਬਾਦਲੇ ਤੋਂ ਮੁੱਕਰ ਕੇ ਕੋਰਟ ਕੇਸ ਕਰਕੇ ਮਕਾਨ ਦਾ ਵਰੰਟ ਕਬਜ਼ਾ ਲੈਣ ਆਇਆ ਸੀ। ਉਨ੍ਹਾਂ ਕਿਹਾ ਕਿ ਜਥੇਬੰਦੀ ਇਹ ਧੱਕੇਸ਼ਾਹੀ ਕਦੇ ਵੀ ਨਹੀ ਹੋਣ ਦੇਵੇਗੀ।

ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਹੀ ਵਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀ ਵਾਪਸ ਪਰਤ ਗਏ। ਇਸ ਮੌਕੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਸਤਵਿੰਦਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਗੁਰਦੇਵ ਸਿੰਘ ਆਲੋਅਰਖ, ਰਘਵੀਰ ਸਿੰਘ ਸਮੇਤ ਕਿਸਾਨ ਹਾਜ਼ਰ ਸਨ।

ਦੂਜੇ ਪਾਸੇ ਆਸ਼ੂ ਪਾਰਸ਼ਦ ਜੋਸ਼ੀ ਨਾਇਬ ਤਹਿਸੀਲਦਾਰ ਭਵਾਨੀਗੜ੍ਹ, ਜਗਜੀਤ ਸਿੰਘ ਕਾਨੂੰਗੋ, ਧਰਮਪਾਲ ਚੌਂਕੀ ਇੰਚਾਰਜ ਘਰਾਚੋਂ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਥਾਂ ਦਾ ਕਬਜ਼ਾ ਲੈਣ ਲਈ ਆਏ ਸਨ,ਪਰ ਵਿਰੋਧ ਕਾਰਨ ਵਾਪਸ ਪਰਤ ਗਏ।

ਮੰਡੌੜ ਸ਼ਾਮਲਾਟ ਵਿਵਾਦ: ਕਬਜ਼ਾ ਦਿਵਾਉਣ ਗਈ ਪੁਲੀਸ ਬੇਰੰਗ ਮੁੜੀ

ਨਾਭਾ (ਜੈਸਮੀਨ ਭਾਰਦਵਾਜ):ਇੱਥੋਂ ਨੇੜਲੇ ਪਿੰਡ ਮੰਡੌੜ ਵਿੱਚ ਸ਼ਾਮਲਾਟ ਦੀ ਬੋਲੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਅੱਜ ਨਾਭਾ ਡੀਐੱਸਪੀ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਪਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿਰੋਧ ਕਾਰਨ ਪੁਲੀਸ ਨੂੰ ਬੇਰੰਗ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਪਿੰਡ ਦੀ ਰਾਖਵੀਂ ਸ਼ਾਮਲਾਟ ਦੀ ਬੋਲੀ ਦੌਰਾਨ ਤਿੰਨ ਹਫਤੇ ਪਹਿਲਾਂ ਪੁਲੀਸ ਅਤੇ ਜਥੇਬੰਦੀ ਦੇ ਸਮਰਥਕਾਂ ਵਿਚਾਲੇ ਝੜਪ ਹੋਈ ਸੀ ਤੇ ਪੁਲੀਸ ਵੱਲੋਂ ਕਥਿਤ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਸੀ। ਉਸ ਪਿੱਛੋਂ ਲਗਾਤਾਰ ਪਿੰਡ ਵਿੱਚ ਜਥੇਬੰਦੀ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ ਤੇ ਬੋਲੀ ਦੇਣ ਵਾਲੇ ਵਿਅਕਤੀਆਂ ਨੂੰ ਅਜੇ ਤੱਕ ਜ਼ਮੀਨ ਦਾ ਕਬਜ਼ਾ ਪ੍ਰਾਪਤ ਨਾ ਹੋਇਆ। ਜਥੇਬੰਦੀ ਦਾ ਦੋਸ਼ ਹੈ ਕਿ ਬੋਲੀ ਮੌਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤੇ ਕਾਨੂੰਨ ਦੇ ਉਲਟ ਇੱਕ ਵਿਅਕਤੀ ਨੂੰ 10 ਏਕੜ ਤੋਂ ਵੱਧ ਜ਼ਮੀਨ ਦਿੱਤੀ ਗਈ। ਇਸ ਮੌਕੇ ਜਥੇਬੰਦੀ ਨੇ ਡੀਡੀਪੀਓ ਪਟਿਆਲਾ ’ਤੇ ਦੋਸ਼ ਲਗਾਏ ਕਿ ਮਾਮਲਾ ਪੜਤਾਲ ਅਧੀਨ ਹੋਣ ਦੇ ਬਾਵਜੂਦ ਅੱਜ ਪੁਲੀਸ ਪਾਰਟੀ ਭੇਜ ਕੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਡੀਡੀਪੀਓ ਪਟਿਆਲਾ ਅਮਨਦੀਪ ਕੌਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਹੋਈ ਬੋਲੀ ਜਿੱਤਣ ਵਾਲੇ ਲਾਭਪਾਤਰੀ ਲਈ ਫਸਲ ਦਾ ਸਮਾਂ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਖਵੀਂ ਬੋਲੀ ਲਈ ਸਾਲਾਨਾ ਪਾਲਿਸੀ ਵਿੱਚ 10 ਏਕੜ ਦੀ ਬੰਦਿਸ਼ ਬਾਰੇ ਨਹੀਂ ਲਿਖਿਆ ਹੋਇਆ ਪਰ ਫਿਲਹਾਲ ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀਓ ਬੋਲੀ ਦੀ ਪ੍ਰਕ੍ਰਿਆ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਲਾਭਪਾਤਰੀ ਨੂੰ ਖੇਤੀ ਕਰਨ ਤੋਂ ਕੋਈ ਸਟੇਅ ਨਹੀਂ ਲੱਗੀ ਹੋਈ।

Advertisement
×