ਬਾਲ ਭਿਖਿਆ ਰੋਕਣ ਲਈ ਟੀਮਾਂ ਵੱਲੋਂ ਛਾਪੇ
ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰਾਜੈਕਟ ਜੀਵਨਜੋਤ 2.0 ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਵੀਰਾਜ ਐੱਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀ ਅਗਵਾਈ ਹੇਠ ਟਾਸਕ ਫੋਰਸ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਵਿਸ਼ੇਸ਼ ਚੈਕਿੰਗ ਕੀਤੀ ਗਈ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਛਾਪੇ ਮਾਰੇ। ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਬੈਂਬੀ ਨੇ ਦੱਸਿਆ ਕਿ ਬਾਲ ਭਿੱਖਿਆ ਦੇ ਖਾਤਮੇ ਸਬੰਧੀ ਬਣਾਈ ਗਈ ਇੱਕ ਵਿਸ਼ੇਸ਼ ਟੀਮ, ਜਿਸ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ, ਪੁਲੀਸ ਵਿਭਾਗ, ਸਿਹਤ ਵਿਭਾਗ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ, ਵੱਲੋਂ ਜ਼ਿਲ੍ਹੇ ਦੇ ਹੌਟ ਸਪੌਟ ਸਥਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਧੂਰੀ ਵਿੱਚ ਭੀਖ ਮੰਗਦੇ ਹੋਏ 2 ਬੱਚਿਆਂ ਨੂੰ ਬਚਾਉਣ ਉਪਰੰਤ ਉਨ੍ਹਾਂ ਦੇ ਪਛਾਣ ਪੱਤਰਾਂ ਦੀ ਪੁਸ਼ਟੀ ਕੀਤੀ ਗਈ ਤੇ ਉਨ੍ਹਾਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ। ਇਸੇ ਤਰ੍ਹਾਂ ਟੀਮ ਵੱਲੋਂ ਸੰਗਰੂਰ ਸ਼ਹਿਰ, ਭਵਾਨੀਗੜ੍ਹ, ਸੁਨਾਮ ਅਤੇ ਧੂਰੀ ਵਿੱਚ ਛਾਪੇ ਮਾਰੇ ਗਏ। ਇਸ ਸਬੰਧੀ ਟੀਮ ਮੈਂਬਰਾਂ ਨੇ ਦੱਸਿਆ ਕਿ ਜੇਕਰ ਕਿਤੇ ਕੋਈ ਵੀ ਵਿਅਕਤੀ ਬੱਚੇ ਸਮੇਤ ਭੀਖ ਮੰਗਦਾ ਮਿਲਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਵਿਅਕਤੀ ਅਤੇ ਬੱਚੇ ਦੇ ਸਬੰਧ ਦੀ ਜਾਂਚ ਕਰਦੇ ਹੋਏ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਬੱਚੇ ਨਾਲ ਵਿਅਕਤੀ ਦਾ ਸਬੰਧ ਸਾਬਤ ਨਾ ਹੋਣ ਦੀ ਸੂਰਤ ਵਿੱਚ ਵਿਅਕਤੀ ਅਤੇ ਬੱਚੇ ਦੋਨਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ।