ਅਧਿਆਪਕ ਦਲ ਪੰਜਾਬ ਵੱਲੋਂ ਸੰਘਰਸ਼ ਬਾਰੇ ਚਰਚਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੁਲਾਈ
ਅਧਿਆਪਕ ਦਲ ਪੰਜਾਬ ਜ਼ਿਲ੍ਹਾ ਸੰਗਰੂਰ ਦੀ ਜਥੇਬੰਦਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਅਤੇ ਜਨਰਲ ਸਕੱਤਰ ਵਿਸ਼ਾਲ ਸਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਨੇ ਕਿਹਾ ਕਿ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਵਾਉਣ ਦੇ ਲਈ ਸੰਘਰਸ਼ ਦੀ ਰੂਪ-ਰੇਖਾ ’ਤੇ ਵਿਚਾਰ ਕੀਤਾ ਗਿਆ ਅਤੇ ਜ਼ਿਲ੍ਹਾ ਇਕਾਈ ਸੰਗਰੂਰ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸੁਝਾਅ ਮੰਗੇ ਗਏ। ਪ੍ਰਾਪਤ ਹੋਏ ਵੱਖ-ਵੱਖ ਆਗੂਆਂ ਦੇ ਵਿਚਾਰਾਂ ਮੁਤਾਬਕ ਜਥੇਬੰਦੀ ਅਧਿਆਪਕ ਦਲ ਦੇ ਸੰਘਰਸ਼ੀ ਆਗੂਆਂ ਦੇ ਮਾਣ ਸਨਮਾਨ ਲਈ ਜਲਦੀ ਹੀ ਪ੍ਰੋਗਰਾਮ ਉਲੀਕਿਆ ਜਾਵੇਗਾ। ਇਹ ਵੀ ਸੁਝਾਅ ਪਾਸ ਹੋਇਆ ਹੈ ਕਿ ਜਥੇਬੰਦੀ ਦੇ ਸੀਨੀਅਰ ਆਗੂ ਬਲਾਕ ਵਾਈਜ਼ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਮੀਟਿੰਗਾਂ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹਰੇਕ ਬਲਾਕ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਕਲਵੰਤ ਸਿੰਘ ਅਮਰਗੜ੍ਹ, ਬਲਵਿੰਦਰ ਸਿੰਘ ਬੀਰਕਲਾਂ, ਨਰਿੰਦਰ ਸਿੰਘ ਫੱਗੂਵਾਲਾ, ਜਤਿੰਦਰ ਸਿੰਘ ਵਿੱਕੀ ਕੋਚ ਤੇ ਅਮਨਦੀਪ ਸਿੰਘ ਕਲੇਰ ਆਦਿ ਹਾਜ਼ਰ ਸਨ।