ਅਧਿਆਪਕ ਯੂਨੀਅਨ ਦੇ ਵਫ਼ਦ ਵੱਲੋਂ ਸਿੱਖਿਆ ਸਕੱਤਰ ਨਾਲ ਮੀਟਿੰਗ
ਐੱਸ.ਸੀ/ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਹੇਠ ਸਿੱਖਿਆ ਸਕੱਤਰ ਪੰਜਾਬ ਅਨਿੰਦਤਾ ਮਿੱਤਰਾ ਨਾਲ ਹੋਈ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ਹਿੱਤ ਜਥੇਬੰਦੀ ਦੇ ਆਗੂਆਂ ਨੇ ਤੱਥਾਂ ਸਹਿਤ ਆਪਣਾ ਪੱਖ ਰੱਖਿਆ। ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਨੇ ਦੱਸਿਆ ਕਿ ਲੈਕਚਰਾਰ ਕਾਡਰ 21/8/2025 ਦੀ ਸੀਨੀਆਰਤਾ ਸੂਚੀ ਬਾਰੇ ਤਰਕ ਤੇ ਤੱਥਾਂ ਸਮੇਤ ਗੱਲ ਰੱਖੀ ਜਿਸ ’ਤੇ ਸਿੱਖਿਆ ਸਕੱਤਰ ਨੇ ਕਿਹਾ ਕਿ ਇਤਰਾਜ਼ ਦੇਣ ਵਾਲੇ ਅਧਿਆਪਕਾਂ ਨੂੰ ਨਿੱਜੀ ਸੁਣਵਾਈ ਦਾ ਮੌਕਾ ਦੇ ਕੇ ਸੀਨੀਆਰਤਾ ਸੂਚੀ ਨੂੰ ਅੰਤਿਮ ਰੂਪ ਦੇਣ ਉਪਰੰਤ ਹੀ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ। ਸੂਬਾ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਨੇ ਮੰਗ ਕੀਤੀ ਕਿ ਸਾਰੇ ਕੇਡਰਾਂ ਦੇ ਸਿੱਧੀ ਭਰਤੀ ਅਤੇ ਤਰੱਕੀ ਦੇ ਰੋਸਟਰ ਰਜਿਸਟਰਾਂ ਵਿੱਚ ਨਿਯਮਾਂ ਦੇ ਉਲਟ ਜਾ ਕੇ ਜਾਣ ਬੁੱਝ ਕੇ ਗ਼ਲਤੀਆਂ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇ, ਸਾਰੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਸੈਸ਼ਨ ਦੇ ਸ਼ੁਰੂ ਵਿਚ ਦਿੱਤੀਆਂ ਜਾਣ, ਵਿਦਿਆਰਥੀਆਂ ਦੇ ਲਈ ਵੱਖ ਵੱਖ ਸਕੀਮਾਂ ਤਹਿਤ ਮਿਲਣ ਵਾਲੇ ਵਜ਼ੀਫੇ ਦੀ ਦਰ ’ਚ ਇਕਸਾਰਤਾ, ਵਜ਼ਾਫਾ ਅਪਲਾਈ ਕਰਨ ’ਚ ਸਰਲਤਾ ਅਤੇ ਆਮਦਨ ਸਰਟੀਫਿਕੇਟ ਦੀ ਥਾਂ ਸਵੈ ਘੋਸ਼ਣਾ ਲਾਗੂ ਕੀਤਾ ਜਾਵੇ, ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ’ਚ ਰਾਖਵਾਂਕਰਨ ਨੀਤੀ ਸਹੀ ਰੂਪ ’ਚ ਲਾਗੂ ਕੀਤੀ ਜਾਵੇ। ਸਿੱਖਿਆ ਸਕੱਤਰ ਵਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ।