DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਰੋਸ ਵਜੋਂ ਕਾਲਾ ਦਿਵਸ ਮਨਾਇਆ

ਕਾਲੇ ਬਿੱਲੇ ਲਾ ਕੇ ਡਿਊਟੀ ਕੀਤੀ; ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ
  • fb
  • twitter
  • whatsapp
  • whatsapp
featured-img featured-img
ਸਰਕਾਰੀ ਹਾਈ ਸਕੂਲ ਈਨਾ ਬਾਜਵਾ ਵਿੱਚ ਮੁਜ਼ਾਹਰਾ ਕਰਦੇ ਹੋਏ ਅਧਿਆਪਕ।
Advertisement

ਪੰਜਾਬ ਪੇਅ ਸਕੇਲ ਬਹਾਲੀ ਕਮੇਟੀ ਦੇ ਸੱਦੇ ’ਤੇ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਆਪਕ ਪੱਧਰ ’ਤੇ ਅਧਿਆਪਕਾਂ ਵੱਲੋਂ 17 ਜੁਲਾਈ 2020 ਨੂੰ ਪੰਜਾਬ ਦੇ ਮੁਲਾਜ਼ਮਾਂ ਉੱਪਰ ਅਧੂਰੇ ਕੇਂਦਰੀ ਪੇਅ ਸਕੇਲ ਥੋਪਣ ਦੇ ਨੋਟੀਫਿਕੇਸ਼ਨ ਵਿਰੁੱਧ ਅੱਜ ਕਾਲਾ ਦਿਵਸ ਮਨਾਇਆ ਗਿਆ। ਅਧਿਆਪਕਾਂ ਵਲੋਂ ਡਿਊਟੀ ਦੌਰਾਨ ਅੱਜ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਗਿਆ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਕੂਲ ਪੱਧਰ ’ਤੇ ਉਕਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆ ਗਈਆਂ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਜਦੋਂ ਇਹ ਲਾਗੂ ਕੀਤਾ ਗਿਆ ਸੀ ਤਾਂ ਉਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਆਮ ਆਦਮੀ ਪਾਰਟੀ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਸੀ। ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ ਪੰਜਾਬ ਤਨਖਾਹ ਸਕੇਲ ਲਾਗੂ ਕੀਤੇ ਜਾਣਗੇ ਪਰ ਵਰਤਮਾਨ ਸਮੇਂ ਸੱਤਾ ਦੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਉਕਤ ਨੋਟੀਫਿਕੇਸ਼ਨ ਦੀ ਮਿਤੀ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵੱਲੋਂ ਨਾ ਤਾਂ ਪੰਜਾਬ ਦਾ ਤਨਖਾਹ ਸਕੇਲ ਹੀ ਦਿੱਤਾ ਗਿਆ ਅਤੇ ਨਾ ਹੀ ਕੇਂਦਰ ਦਾ ਤਨਖਾਹ ਸਕੇਲ ਕਮਿਸ਼ਨ ਇੰਨ-ਬਿੰਨ ਲਾਗੂ ਕੀਤਾ ਗਿਆ ਸਗੋਂ ਮਨਮਰਜ਼ੀ ਨਾਲ ਲੰਗੜਾ ਤਨਖਾਹ ਸਕੇਲ ਦਿੱਤਾ ਗਿਆ ਹੈ। ਮੌਜੂਦਾ ਤਨਖਾਹ ਸਕੇਲਾਂ ਹਰੇਕ ਮੁਲਾਜ਼ਮ ਨੂੰ ਲਗਭਗ ਦਸ ਹਜ਼ਾਰ ਰੁਪਏ ਘੱਟ ਤਨਖਾਹ ਮਿਲ ਰਹੀ ਹੈ। ਅੱਜ ਦੇ ਪ੍ਰੋਗਰਾਮ ਸੰਬੰਧੀ ਆਗੂਆਂ ਨੇ ਕਿਹਾ ਕਿ ਡਿਊਟੀ ਕਰਦਿਆਂ ਹੁਣ ਤੱਕ ਦਾ ਮੁਲਾਜਮਾਂ ਦਾ ਸਰਕਾਰ ਵਿਰੁੱਧ ਇਹ ਸਭ ਤੋਂ ਵੱਡਾ ਤੇ ਸਫ਼ਲ ਪ੍ਰੋਗਰਾਮ ਹੈ। ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਜਥੇਬੰਦੀ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁਲਾਜਮਾਂ ਤੇ ਪੰਜਾਬ ਪੇਅ ਸਕੇਲ਼ ਬਹਾਲ ਨਹੀਂ ਹੁੰਦੇ ਤਾਂ ਪੰਜਾਬ ਸਰਕਾਰ ਖ਼ਿਲਾਫ਼ ਵਿਆਪਕ ਸੰਘਰਸ਼ ਕੀਤਾ ਜਾਵੇਗਾ।

Advertisement
Advertisement
×