ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਨੂੰ ਪੱਤਰ
ਪੱਤਰ ਪ੍ਰੇਰਕ
ਲਹਿਰਾਗਾਗਾ, 5 ਜੁਲਾਈ
ਗੌਰਮਿੰਟ ਸੀਐਂਡਵੀ ਟੀਚਰਜ਼ ਯੂਨੀਅਨ ਪੰਜਾਬ ਦੀ ਅਹਿਮ ਪੈਨਲ ਮੀਟਿੰਗ ਸਿੱਖਿਆ ਸਕੱਤਰ ਪੰਜਾਬ ਅਨੰਦਿਤਾ ਮਿੱਤਰਾ ਆਈਏਐੱਸ ਨਾਲ ਮਿਨੀ ਸਕੱਤਰੇਤ ਕਮੇਟੀ ਰੂਮ ਚੰਡੀਗੜ੍ਹ ਵਿੱਚ ਦਿੱਤੇ ਏਜੰਡੇ ਅਤੇ ਸਮੇਂ ਅਨੁਸਾਰ ਸੁਖਾਵੇਂ ਮਾਹੌਲ ਵਿੱਚ ਹੋਈ। ਇਸ ਮੌਕੇ ਰਾਣੀ ਗੁਪਤਾ ਸਹਾਇਕ ਡਾਇਰੈਕਟਰ ਅਮਲੇ ਸਣੇ ਸ਼ਾਮਲ ਹੋਏ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹਰੀਕਾ ਨੇ ਦੱਸਿਆ ਕੇ ਸੀਐਂਡਵੀ ਕਾਡਰ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸਿੱਖਿਆ ਸਕੱਤਰ ਨਾਲ ਚਰਚਾ ਕੀਤੀ ਗਈ। ਸਿੱਖਿਆ ਸਕੱਤਰ ਨੇ ਸਾਰੀਆਂ ਮੰਗਾਂ ਮਸਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਵਿਚਾਰਿਆ। ਉਨ੍ਹਾਂ ਜਲਦੀ ਹੀ ਇਨ੍ਹਾਂ ਸਬੰਧੀ ਬਣਦੀ ਕਰਵਾਈ ਕਰਨ ਦਾ ਵਿਸ਼ਵਾਸ ਦੁਆਇਆ। ਜਥੇਬੰਦੀ ਨੇ ਸਿੱਖਿਆ ਸਕੱਤਰ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਯੂਨੀਅਨ ਦੇ ਜਰਨਲ ਸਕੱਤਰ ਹਰਜੀਤ ਸਿੰਘ ਜੁਨੇਜਾ, ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਸਿੱਧੂ, ਮਨਪ੍ਰੀਤ ਸਿੰਘ ਕਾਹਲੋਂ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਾਗਰ ਪਰਾਸ਼ਰ ਅਤੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਦੇ ਸੂਬਾਈ ਅਹੁਦੇਦਾਰ ਹਾਜ਼ਰ ਸਨ।