ਮਾਲੇਰਕੋਟਲਾ ਵਿੱਚ ਨਵੀਂ ਵਾਰਡਬੰਦੀ ਲਈ ਸਰਵੇਖਣ ਜਲਦੀ: ਨਸਰੀਨ
ਨਗਰ ਕੌਂਸਲ ਵੱਲੋਂ ਘਰ-ਘਰ ਜਾ ਕੇ ਇਕੱਠਾ ਕੀਤਾ ਜਾਵੇਗਾ ਪਰਿਵਾਰਕ ਵੇਰਵਾ
ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨ ਨਸਰੀਨ ਅਸ਼ਰਫ਼ ਅਬਦੁੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਲੇਰਕੋਟਲਾ ਸ਼ਹਿਰ ਦੀ ਨਵੀਂ ਵਾਰਡ ਬੰਦੀ ਕਰਵਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ਉਦੇਸ਼ ਲਈ ਸ਼ਹਿਰ ਦੇ ਸਮੂਹ ਪਰਿਵਾਰਾਂ ਦਾ ਵੇਰਵਾ ਇਕੱਠਾ ਕੀਤਾ ਜਾਵੇਗਾ, ਜਿਸ ਲਈ ਨਗਰ ਕੌਂਸਲ ਵੱਲੋਂ ਨਿਯੁਕਤ ਕਰਮਚਾਰੀ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਰਵੇ ਸ਼ਹਿਰ ਦੀ ਭਵਿੱਖੀ ਯੋਜਨਾਬੰਦੀ, ਵਿਕਾਸ ਕਾਰਜਾਂ ਦੀ ਨਿਰਪੱਖ ਵੰਡ ਅਤੇ ਵਾਰਡਾਂ ਦੀ ਯੋਗ ਸਰਹੱਦਬੰਦੀ ਲਈ ਬਹੁਤ ਮਹੱਤਵਪੂਰਨ ਹੈ। ਪ੍ਰਧਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਨਗਰ ਕੌਂਸਲ ਦੇ ਕਰਮਚਾਰੀ ਉਹਨਾਂ ਦੇ ਘਰਾਂ ਵੇਰਵਾ ਇਕੱਠਾ ਕਰਨ ਆਉਣ ਤਾਂ ਉਹ ਪੂਰਾ ਸਹਿਯੋਗ ਦੇਣ ਅਤੇ ਸਹੀ ਤੇ ਪੂਰੀ ਜਾਣਕਾਰੀ ਪ੍ਰਦਾਨ ਕਰਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਅਧਿਕਾਰਕ ਪਹਿਚਾਣ ਪੱਤਰ ਨਾਲ ਘਰਾਂ ’ਚ ਆਉਣਗੇ, ਜਿਸ ਨਾਲ ਨਿਵਾਸੀ ਆਸਾਨੀ ਨਾਲ ਉਨ੍ਹਾਂ ਦੀ ਪਛਾਣ ਕਰ ਸਕਣ। ਪ੍ਰਧਾਨ ਨਸਰੀਨ ਅਸ਼ਰਫ਼ ਅਬਦੁੱਲਾ ਨੇ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਦੇ ਵਿਕਾਸ ਅਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਕਦਮ ਸ਼ਹਿਰ ਦੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਅਤੇ ਸੁਵਿਧਾਜਨਕ ਬਣਾਵੇਗਾ।