ਸੁਨਾਮ: ਅਮਨ ਅਰੋੜਾ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ
ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਧਰਤੀ ਨੂੰ ਅਤਿ-ਆਧੁਨਿਕ ਸ਼ਹਿਰਾਂ ਦੀ ਗਿਣਤੀ ਵਿੱਚ ਸ਼ੁਮਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਕੀਤਾ ਜਾ ਰਿਹਾ ਹੈ ਅਤੇ ਸੁਨਾਮ ਸ਼ਹਿਰ ਵਿੱਚ ਲਗਪਗ 85 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਅਮਨ ਅਰੋੜਾ ਇਨ੍ਹਾਂ ਪ੍ਰਾਜੈਕਟਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਮਗਰੋਂ ਗੱਲਬਾਤ ਕਰ ਰਹੇ ਸਨ। ਸ੍ਰੀ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਵਿੱਚ 15.32 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦਾ ਅਪਗ੍ਰੇਡੇਸ਼ਨ ਪ੍ਰਾਜੈਕਟ ਸ਼ਾਮਲ ਹੈ। ਨਵੇਂ ਕੰਪਲੈਕਸ ਵਿੱਚ ਐੱਸ.ਡੀ.ਐੱਮ. ਦਫ਼ਤਰ, ਸਬ-ਰਜਿਸਟਰਾਰ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਖੁਰਾਕ ਸਪਲਾਈ ਦਫ਼ਤਰ, ਟੈਕਸ ਦਫ਼ਤਰ, ਸਹਿਕਾਰੀ ਸਭਾ ਦਫ਼ਤਰ ਅਤੇ ਹੋਰ ਵਿਭਗਾਂ ਸਮੇਤ ਕੁਲ 11 ਵਿਭਾਗਾਂ ਦੇ ਦਫਤਰ ਹੋਣਗੇ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸੇ ਤਰ੍ਹਾਂ ਉਨ੍ਹਾਂ ਨੇ 13.64 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਦੇ ਪ੍ਰਾਜੈਕਟ ਦੀ ਸਮੀਖਿਆ ਕੀਤੀ। ਇਸ ਪ੍ਰਾਜੈਕਟ ਤਹਿਤ ਬੱਸ ਸਟੈਂਡ ਵਿੱਚ ਬੱਸ ਕਾਊਂਟਰਾਂ ਦੇ ਨਾਲ ਨਾਲ ਇੱਕ ਸ਼ਾਪਿੰਗ ਕੰਪਲੈਕਸ ਵੀ ਸ਼ਾਮਲ ਹੋਵੇਗਾ। ਸੁਨਾਮ ਵਿੱਚ ਕਰੀਬ 8.20 ਕਰੋੜ ਰੁਪਏ ਦੀ ਲਾਗਤ ਨਾਲ ਕੁੜੀਆਂ ਦੇ ਨਵੇਂ ਬਣਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਜੈਕਟ ਦੀ ਵੀ ਅਰੋੜਾ ਨੇ ਸਮੀਖਿਆ ਕੀਤੀ। ਇਸ ਤੋਂ ਇਲਾਵਾ ਸੁਨਾਮ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 18.95 ਕਰੋੜ ਰੁਪਏ ਦੀ ਲਾਗਤ ਨਾਲ ਇਨਡੋਰ ਸਪੋਰਟਸ ਕੰਪਲੈਕਸ ਬਣਾਉਣ ਬਾਬਤ ਕਾਰਵਾਈ ਜਾਰੀ ਹੈ। ਇਸ ਕੰਪਲੈਕਸ ਵਿੱਚ ਸਿੰਥੈਟਿਕ ਟਰੈਕ, ਬੈਡਮਿੰਟਨ, ਬਾਕਸਿੰਗ, ਜੂਡੋ, ਕੁਸ਼ਤੀ, ਬਾਸਕਟਬਾਲ, ਵਾਲੀਬਾਲ ਅਤੇ ਤਾਈਕਵਾਂਡੋ ਦੀਆਂ ਸਹੂਲਤਾਂ ਹੋਣਗੀਆਂ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚ ਵਿਕਾਸ ਕਾਰਜਾਂ ਤਹਿਤ ਐਸਟ੍ਰੋ ਟਰਫ, ਹਾਕੀ ਗਰਾਊਂਡ, ਲੈਕਚਰ ਹਾਲ, ਲਾਇਬ੍ਰੇਰੀ, ਪ੍ਰਬੰਧਕੀ ਬਲਾਕ ਅਤੇ ਹੋਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 20.78 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸੁਨਾਮ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 8.49 ਕਰੋੜ ਰੁਪਏ ਦੇ ਪ੍ਰਾਜੈਕਟਾਂ ਸਬੰਧੀ ਵੀ ਕੰਮ ਜਾਰੀ ਹੈ।