ਸੁਖਦੇਵ ਸਿੰਘ ਹਰਿਆਊ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਅੱਜ ਪਾਵਰਕੌਮਦਫ਼ਤਰਾਂ ਅੱਗੇ ਬਿਜਲੀ ਐਕਟ ਦੀਆਂ ਕਾਪੀਆਂ ਸਾੜਨਗੇ ਕਿਸਾਨ: ਡਾ. ਦਰਸ਼ਨਪਾਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਥੇ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਸੁਖਦੇਵ ਸਿੰਘ ਹਰਿਆਊ ਨੂੰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਸੁਖਵਿੰੰਦਰ ਸਿੰਘ ਤੁੱਲੇਵਾਲ਼ ਜ਼ਿਲ੍ਹਾ ਪ੍ਰਧਾਨ ਸੀ। ਇਸ ਚੋਣ ਮੀਟਿੰਗ ’ਚ ਯੂਨੀਅਨ ਦੇ ਸੂਬਾਈ ਪ੍ਰਧਾਨ ਡਾਕਟਰ ਦਰਸ਼ਨਪਾਲ ਪਟਿਆਲਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਿਨ੍ਹਾਂ ਦੀ ਸਹਿਮਤੀ ਨਾਲ ਹੀ ਜ਼ਿਲ੍ਹਾ ਪ੍ਰਧਾਨ ਦੀ ਇਸ ਚੋਣ ’ਤੇ ਮੋਹਰ ਲੱਗੀ। ਇਹ ਜਾਣਕਾਰੀ ਅਵਤਾਰ ਸਿੰਘ ਕੌਰਜੀਵਾਲਾ ਨੇ ਦਿੱਤੀ। ਡਾਕਟਰ ਦਰਸ਼ਨਪਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 8 ਦਸੰਬਰ ਨੂੰ ਮੋਰਚੇ ਦੇ ਅਧੀਨ ਆਉਂਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕੌਮ ਦੇ ਪਟਿਆਲਾ ਸਥਿਤ ਸਬ ਡਿਵੀਜ਼ਨਲ ਦਫਤਰਾਂ ਅੱਗੇ 12 ਤੋਂ 3 ਵਜੇ ਤੱਕ ਰੋਸ ਰੈਲੀ ਕਰਦਿਆਂ ਬਿਜਲੀ ਸੋਧ ਬਿਲ-2025 ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 9 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ 10 ਦਸੰਬਰ ਨੂੰ ਕੌਮੀ ਇਨਸਾਫ ਮੋਰਚੇ ਦੀਆਂ ਮੀਟਿੰਗਾਂ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋਣਗੀਆਂ। ਇਸੇ ਤਰ੍ਹਾਂ ਹੀ ਉਨ੍ਹਾਂ ਨੇ 16 ਦਸੰਬਰ ਨੂੰ ਪਟਿਆਲਾ ਦੇ ਪੁੱਡਾ ਗਰਾਊਂਡ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਸਿੱਖੀ ਸਿਧਾਂਤਾਂ ਨੂੰ ਸਮਰਪਿਤ ਵਿਸ਼ਾਲ ਕਿਸਾਨ ਕਾਨਫਰੰਸ ਕਰਵਾਏ ਜਾਣ ਦੀ ਜਾਣਕਾਰੀ ਵੀ ਦਿੱਤੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਜਥੇਬੰਦਕ ਸਕੱਤਰ ਨਿਸ਼ਾਨ ਸਿੰਘ ਧਰਮਹੇੜੀ, ਜ਼ਿਲ੍ਹਾ ਪ੍ਰੈਸ ਸਕੱਤਰ ਨਿਰਮਲ ਸਿੰਘ ਲਚਕਾਣੀ, ਮੈਂਬਰ ਤਜਿੰਦਰ ਸਿੰਘ ਹਾਸ਼ਮਪੁਰ, ਬਲਾਕ ਘਨੌਰ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧਾਰਸੀ, ਸਮਾਣਾ ਦੇ ਪ੍ਰਧਾਨ ਬਹਾਦਰ ਸਿੰਘ ਚੌਂਹਟ, ਨਾਭਾ ਬਲਾਕ ਦੇ ਪ੍ਰਧਾਨ ਪ੍ਰਿਤਪਾਲ ਸ਼ਰਮਾ ਢੀਂਗੀ, ਬਲਾਕ ਸਨੌਰ ਦੇ ਖਜਾਨਚੀ ਜਰਨੈਲ ਸਿੰਘ ਪੰਜੋਲਾ, ਪਾਤੜਾਂ ਬਲਾਕ ਦੇ ਖਜ਼ਾਨਚੀ ਨਰਾਤਾ ਸਿੰਘ ਹਰਿਆਊ ਅਤੇ ਹੋਰ ਹਾਜ਼ਰ ਸਨ।

