ਪਰਾਲੀ ਮਾਮਲਾ: ਕਿਸਾਨ ਜਥੇਬੰਦੀ ਵੱਲੋਂ ਅਧਿਕਾਰੀਆਂ ਨੂੰ ਘੇਰਨ ਦੀ ਚਿਤਾਵਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਪਿਛਲੇ ਸਾਲ ਪਰਾਲੀ ਸਾੜਨ ਦੇ ਦਰਜ ਕੀਤੇ ਕੇਸਾਂ ਵਿਚ ਜੁਰਮਾਨੇ ਵਸੂਲਣ ਲਈ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਪੁਰਾਣੇ ਕੇਸਾਂ ’ਚ ਪ੍ਰੇਸ਼ਾਨ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਲੌਂਗੋਵਾਲ ਇਕਾਈ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਦੋਗਲਾ ਚਿਹਰਾ ਬੇਨਕਾਬ ਹੋ ਰਿਹਾ ਹੈ। ਇੱਕ ਪਾਸੇ ਪੰਜਾਬ ਵਿਚ ਹੜ੍ਹਾਂ ਦੀ ਮਾਰ ਨਾਲ ਵੱਡੀ ਪੱਧਰ ’ਤੇ ਕਿਸਾਨ-ਮਜ਼ਦੂਰਾਂ ਦਾ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਦਾ ਹੋਰ ਅਮਲਾ ਪਿੰਡਾਂ ਵਿਚ ਪੁਲੀਸ ਲਿਆ ਕੇ ਕਿਸਾਨਾਂ ਵਲੋਂ ਪਿਛਲੇ ਸਾਲ ਦੇ ਪਰਾਲੀ ਸਾੜਨ ਦੇ ਦਰਜ ਕੀਤੇ ਕੇਸਾਂ ਵਿਚ ਮੋਟੇ ਜੁਰਮਾਨੇ ਵਸੂਲਣ ਲਈ ਕਿਸਾਨਾਂ ਨੂੰ ਡਰਾਉਣ-ਧਮਕਾਉਣ ਦੇ ਰਾਹ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਜ਼ਾਹਰ ਹੈ ਕਿ ਮਾਲਵਾ ਖੇਤਰ ਵਿਚੋਂ ਹੜ੍ਹ ਪੀੜ੍ਹਤ ਕਿਸਾਨਾਂ ਦੀ ਕੀਤੀ ਜਾ ਰਹੀ ਮਦਦ ਹਾਕਮਾਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਲਈ ਮਦਦ ਇਕੱਠੀ ਕਰਨ ਵਿਚ ਜੁਟੇ ਕਿਸਾਨ ਭਰਾਵਾਂ ਨੂੰ ਸਰਕਾਰ ਕੇਸਾਂ ਵਿਚ ਉਲਝਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨਾਂ ਦੇ ਹਿੱਤਾਂ ਲਈ ਡਟ ਕੇ ਖੜ੍ਹੀ ਹੈ ਅਤੇ ਹਮੇਸ਼ਾ ਖੜ੍ਹੀ ਰਹੇਗੀ । ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਲੌਂਗੋਵਾਲ, ਨਛੱਤਰ ਸਿੰਘ ਬਟੂਹਾ, ਅਮਰਜੀਤ ਸਿੰਘ ਗਿੱਲ, ਨਾਇਬ ਸਿੰਘ, ਭੋਲਾ ਸਿੰਘ, ਭੋਲਾ ਸਿੰਘ ਬਟੂਹਾ, ਮਾਣਕ ਸਿੰਘ, ਨਿੰਮਾ ਸਿੰਘ ਆਦਿ ਮੌਜੂਦ ਸਨ।