ਬਕਾਇਆ ਨਾ ਦੇਣ ਵਾਲਿਆਂ ਖ਼ਿਲਾਫ਼ ਸਖ਼ਤੀ
ਠੇਕਾ ਨਾ ਭਰਨ ਦੀ ਸੂਰਤ ਵਿੱਚ ਖਾਲੀ ਕਰਵਾੲੀ ਜਾਵੇਗੀ ਜਗ੍ਹਾ; ਸਮੀਖਿਆ ਮੀਟਿੰਗ ਕੀਤੀ
ਨਗਰ ਨਿਗਮ ਨਿਗਮ ਦੀਆਂ ਜਾਇਦਾਦਾਂ ਨਾਲ ਸਬੰਧਤ ਬਕਾਇਆ ਰਕਮ ਨਾ ਭਰਨ ਵਾਲਿਆਂ ਨੂੰ ਨਿਗਮ ਦੀ ਸਖ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਵਿਅਕਤੀ ਜਾਂ ਸੰਸਥਾਵਾਂ ਨਿਗਮ ਤੋਂ ਦੁਕਾਨਾਂ, ਬੂਥ ਜਾਂ ਹੋਰ ਜਾਇਦਾਦਾਂ ਕਿਰਾਏ ਜਾਂ ਲੀਜ਼ ’ਤੇ ਲੈ ਕੇ ਇਸ ਸਬੰਧੀ ਬਣਦੀ ਅਦਾਇਗੀ ਜਾਂ ਬਕਾਇਆ ਨਹੀਂ ਭਰ ਰਹੇ ਉਹ ਕਾਰਵਾਈ ਦੇ ਭਾਗੀਦਾਰ ਬਣਨਗੇ। ਨਿਗਮ ਦਫ਼ਤਰ ਵਿੱਚ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਸਮੀਖਿਆ ਮੀਟਿੰਗ ਕੀਤੀ ਗਈ। ਇਸ ਵਿੱਚ ਜੁਆਇੰਟ ਕਮਿਸ਼ਨਰ ਦੀਪਜੋਤ ਕੌਰ, ਸੁਪਰਡੈਂਟ ਲੈਂਡ ਬ੍ਰਾਂਚ ਦਰਪਣ ਸ਼ਰਮਾ, ਸਕੱਤਰ ਅਤੇ ਹੋਰ ਅਧਿਕਾਰੀ ਮੌਜੂਦ ਸਨ। ਮੀਟਿੰਗ ਦੌਰਾਨ ਨਿਗਮ ਦੀਆਂ ਜਾਇਦਾਦਾਂ ਨਾਲ ਜੁੜੀ ਬਕਾਇਆ ਰਿਕਵਰੀ ਦੀ ਸਮੀਖਿਆ ਕਰਦਿਆਂ ਲੰਮੇ ਸਮੇਂ ਤੋਂ ਅਦਾਇਗੀ ਨਾ ਕਰਨ ਵਾਲਿਆਂ ਦੀ ਸੂਚੀ ਬਣਾ ਕੇ ਕਾਰਵਾਈ ਲਈ ਚਰਚਾ ਵੀ ਕੀਤੀ ਗਈ। ਮੇਅਰ ਨੇ ਕਿਹਾ ਕਿ ਨਿਗਮ ਦੀ ਆਮਦਨ ਨਾਲ ਹੀ ਸ਼ਹਿਰ ਦੇ ਵਿਕਾਸ ਕਾਰਜ, ਸਫ਼ਾਈ ਪ੍ਰਬੰਧ, ਬੁਨਿਆਦੀ ਢਾਂਚੇ ਅਤੇ ਜਨਤਕ ਸਹੂਲਤਾਂ ਚਲਾਈਆਂ ਜਾਂਦੀਆਂ ਹਨ। ਜੇਕਰ ਨਿਗਮ ਦੀ ਰਕਮ ਸਮੇਂ ’ਤੇ ਜਮ੍ਹਾ ਨਾ ਹੋਵੇ ਤਾਂ ਵਿਕਾਸ ’ਤੇ ਸਿੱਧਾ ਅਸਰ ਪੈਂਦਾ ਹੈ। ਨਿਗਮ ਦੀ ਜਾਇਦਾਦ ਨੂੰ ਨਿੱਜੀ ਮਲਕੀਅਤ ਸਮਝ ਕੇ ਵਰਤਣ ਅਤੇ ਬਕਾਇਆ ਰਕਮ ਹਜ਼ਮ ਕਰਨ ਦੀ ਸੋਚ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮਿਸ਼ਨਰ ਨੇ ਕਿਹਾ ਕਿ ਜਲਦੀ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਨਿਰਧਾਰਿਤ ਸਮੇਂ ਵਿੱਚ ਬਕਾਇਆ ਜਮ੍ਹਾਂ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਜਗ੍ਹਾ ਖਾਲੀ ਕਰਵਾਉਣ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

