ਸੁਖਬੀਰ ਨੂੰ ਲਾਂਭੇ ਕੀਤੇ ਬਿਨਾਂ ਅਕਾਲੀ ਦਲ ਦੀ ਮਜ਼ਬੂਤੀ ਸੰਭਵ ਨਹੀਂ: ਢੀਂਡਸਾ
ਪੱਤਰ ਪ੍ਰੇਰਕ
ਸ਼ੇਰਪੁਰ, 23 ਜੁਲਾਈ
ਸ਼਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਇੱਕ ਸੋਚ ਹੈ ਜਿਸ ਸੋਚ ਦੇ ਉਹ ਅੱਜ ਵੀ ਧਾਰਨੀ ਹਨ ਪਰ ਇੱਕ ਪਰਿਵਾਰ ਨੇ ਇਸ ’ਤੇ ਕਬਜ਼ਾ ਕਰਕੇ ਇਸ ਸੋਚ ਨੂੰ ਗਹਿਰੀ ਸੱਟ ਮਾਰੀ ਹੈ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕੀਤੇ ਬਿਨਾਂ ਕਦੇ ਵੀ ਅਕਾਲੀ ਦਲ ਦੀ ਮਜ਼ਬੂਤੀ ਸੰਭਵ ਨਹੀਂ ਹੋ ਸਕਦੀ। ਸ੍ਰੀ ਢੀਂਡਸਾ ਅੱਜ ਅਕਾਲੀ ਦਲ ਸੰਯੁਕਤ ਦੇ ਬਲਾਕ ਆਗੂ ਮਾਸਟਰ ਚਰਨ ਸਿੰਘ ਜਵੰਧਾ ਦੇ ਗ੍ਰਹਿ ’ਚ ਪਾਰਟੀ ਦੇ ਚੋਣਵੇਂ ਆਗੂਆਂ ਨਾਲ ਕੀਤੀ ਮੀਟਿੰਗ ਮਗਰੋਂ ਪ੍ਰੈਸ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਢੀਂਡਸਾ ਨੇ ਸ਼ੇਰਪੁਰ ’ਚ ਰਣਜੀਤ ਸਿੰਘ ਗੁੰਮਟੀ ਵਾਲਿਆਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਬਿੱਲਾ ਦੀ ਪਿਛਲੇ ਦਿਨੀਂ ਅਮਰੀਕਾ ਦੇ ਕੈਲੇਫੋਰਨੀਆਂ ’ਚ ਹੋਈ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਸਾਬਕਾ ਵਿੱਤ ਮੰਤਰੀ ਸ੍ਰੀ ਢੀਂਡਸਾ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਭਾਵੇਂ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਦੇ ਵਿਰੋਧ ਕਰਦੇ ਆਏ ਹਨ। ਹੁਣ ਐੱਸਜੀਪੀਸੀ ਦੇ ਮੈਂਬਰਾਂ ਨੂੰ ਚਹੀਦਾ ਹੈ ਕਿ ਸੱਚ ’ਤੇ ਪਹਿਰਾ ਦੇਣ ਲਈ ਅੱਗੇ ਆਉਣ।