ਮੇਲੇ ਦੇ ਦੂਜੇ ਦਿਨ ਨਾਟਕ ‘ਅਜੀਬ ਦਾਸਤਾਂ’ ਦਾ ਮੰਚਨ
ਸੁਰਜੀਤ ਸਿੰਘ ਰੱਖਡ਼ਾ, ਡਾ. ਸਵਰਾਜ ਸਿੰਘ ਤੇ ਪ੍ਰੋ. ਡੀ ਸੀ ਸਿੰਘ ਨੇ ਸ਼ਿਰਕਤ ਕੀਤੀ
ਸਵਰਗੀ ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਕੌਮੀ ਨਾਟਕ ਮੇਲੇ ਦੇ ਦੂਸਰੇ ਦਿਨ ਕਾਲੀ ਦਾਸ ਆਡੀਟੋਰੀਅਮ ਵਿੱਚ ਨਾਟਕਕਾਰ ਅਲੋਕ ਸ਼ੁਕਲਾ ਵੱਲੋਂ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਅਜੀਬ ਦਾਸਤਾਂ’ ਦਾ ਸਫ਼ਲ ਮੰਚਨ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸੁਰਜੀਤ ਸਿੰਘ ਰੱਖੜਾ, ਡਾਕਟਰ ਸਵਰਾਜ ਸਿੰਘ ਅਤੇ ਪ੍ਰੋਫੈਸਰ ਡੀ ਪੀ ਸਿੰਘ ਪੁੱਜੇ। ਆਲੋਕ ਸ਼ੁਕਲਾ ਵੱਲੋਂ ਪੇਸ਼ ਕੀਤੇ ਗਏ ਨਾਟਕ ਵਿਚਲੀ ਸਾਰੀ ਘਟਨਾ ਮੁੰਬਈ ਵਰਗੇ ਮਹਾਨਗਰ ਵਿੱਚ ਰਹਿਣ ਵਾਲੇ ਦੋ ਤਲਾਕ-ਸ਼ੁਦਾ ਜੋੜਿਆਂ ਦੇ ਜੀਵਨ ਦੇ ਆਲ਼ੇ-ਦੁਆਲੇ ਘੁੰਮਦੀ ਹੈ। ਦੋਵੇਂ ਜੋੜਿਆਂ ਦੇ ਆਪਣੇ ਕਈ ਕਾਰਨ ਅਤੇ ਆਪੋ-ਆਪਣੇ ਹਾਲਾਤ ਹੁੰਦੇ ਹਨ। ਹਾਲਾਂਕਿ ਸਮੱਸਿਆਵਾਂ ਖ਼ਤਮ ਨਹੀਂ ਹੁੰਦੀਆਂ। ਇਨ੍ਹਾਂ ਉਲਝਣਾ ਅਤੇ ਨਵੇਂ ਰਿਸ਼ਤਿਆਂ ਦੇ ਵਿੱਚ ਇੱਕ ਜੋੜੇ ਦਾ ਛੋਟਾ ਬੱਚਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ। ਹਾਲਾਤ ਵਿਗੜਨ ਮਗਰੋਂ ਇੱਕ ਪੁਨਰਵਾਸ ਕੇਂਦਰ ਭੇਜਣਾ ਪੈਂਦਾ ਹੈ। ਨਾਟਕ ਰਿਸ਼ਤਿਆਂ ਦੇ ਟੁੱਟਣ, ਨਵੇਂ ਰਿਸ਼ਤਿਆਂ ਦੀ ਆਧੁਨਿਕ ਮਹਾਨਗਰ ਵਰਗੇ ਸ਼ਹਿਰ ਵਿੱਚ ਜੀਵਨ ਦੀ ਜਟਿਲ ਸਮੱਸਿਆਵਾਂ ਅਤੇ ਪਰਿਵਾਰਾਂ ਦੇ ਪੈਣ ਵਾਲੇ ਭਾਵਨਾਤਮਕ ਪ੍ਰਭਾਵਾਂ ਦੀ ਕਹਾਣੀ ਰਾਹੀਂ ਪੇਸ਼ ਕਰਦਾ ਹੈ। ਨਾਟਕ ਵਰਤਮਾਨ ਤੋਂ ਸ਼ੁਰੂ ਹੋ ਕੇ ਫਲੈਸ਼ ਬੈਕ ਵਿੱਚ ਆਪਣੇ ਘਟਨਾਕ੍ਰਮ ਨੂੰ ਦੱਸਦਾ ਹੈ। ਆਲੋਕ ਸ਼ੁਕਲਾ ਦੁਆਰਾ ਡਾਇਰੈਕਟ ਕੀਤੇ ਇਸ ਨਾਟਕ ਵਿੱਚ ਨਤੇਸ਼ਾ, ਕਵਿਤਾ, ਨੇਕਤਾ, ਨਿਕਲ ਕੁਮਾਰ, ਮਰਦੁਲ ਕੁਮਾਰ, ਟੇਕ ਚੰਦ, ਪ੍ਰਤਾਪ ਸਿੰਘ ਅਤੇ ਅਲੋਕ ਸ਼ੁਕਲਾ ਨੇ ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ। ਭਲਕੇ 27 ਨਵੰਬਰ ਨੂੰ ਸ਼ਾਮ ਨਾਟਕ ‘ਛੱਲਾ’' ਪੇਸ਼ ਕੀਤਾ ਜਾਵੇਗਾ।

