ਸੁੰਦਰ ਬਸਤੀ ਦਾ ਸਮਾਰਟ ਸਕੂਲ ਦੂਸ਼ਿਤ ਪਾਣੀ ’ਚ ਘਿਰਿਆ
ਸੀਵਰੇਜ ਦੇ ਦੂਸ਼ਿਤ ਪਾਣੀ ’ਚ ਘਿਰਿਆ ਸ਼ਹਿਰ ਦੀ ਸੁੰਦਰ ਬਸਤੀ ਦਾ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ‘ਸਿੱਖਿਆ ਕ੍ਰਾਂਤੀ’ ਦੀ ਫੂਕ ਕੱਢ ਰਿਹਾ ਹੈ। ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਹੋਣ ਲਈ ਹੋਰ ਰੋਜ਼ ਸੀਵਰੇਜ ਦੇ ਦੂਸ਼ਿਤ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ-ਆਉਣਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਨਾਲ ਸਕੂਲੀ ਬੱਚੇ ਅਤੇ ਅਧਿਆਪਕ ਹੀ ਨਹੀਂ ਜੂਝ ਰਹੇ ਸਗੋਂ ਬੱਚਿਆਂ ਦੇ ਮਾਪਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋ ਰਿਹਾ।
ਉਂਝ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਨਿਰੀਖਣ ਰਿਪੋਰਟ ਤੋਂ ਬਾਅਦ ਹੀ ਸਕੂਲ ਖੋਲ੍ਹੇ ਹਨ ਪਰ ਨਿਰੀਖਣ ਦੌਰਾਨ ਸਿੱਖਿਆ ਅਧਿਕਾਰੀਆਂ ਦੀ ਨਜ਼ਰ ਸ਼ਾਇਦ ਇਕੱਲੀਆਂ ਇਮਾਰਤਾਂ ’ਤੇ ਹੀ ਪਈ ਹੈ ਜਦੋਂ ਕਿ ਸਕੂਲ ਅੱਗੇ ਖੜ੍ਹੇ ਸੀਵਰੇਜ ਦੇ ਦੂਸ਼ਿਤ ਪਾਣੀ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ। ਇਸ ਦੌਰਾਨ ਇਹ ਗੱਲ ਨਜ਼ਰਅੰਦਾਜ਼ ਕਰ ਦਿੱਤੀ ਗਈ ਜਾਪਦੀ ਹੈ ਕਿ ਸਕੂਲ ਵਿਚ ਪੜ੍ਹਨ ਆਉਣ ਸਮੇਂ ਬੱਚੇ ਅੰਦਰ ਦਾਖਲ ਕਿਵੇਂ ਹੋਣਗੇ। ਸ਼ਹਿਰ ’ਚ ਬਰਨਾਲਾ ਰੋਡ ਰੇਲਵੇ ਓਵਰਬ੍ਰਿਜ ਨਜ਼ਦੀਕ ਵਾਰਡ ਨੰਬਰ 21 ਅਧੀਨ ਪੈਂਦੀ ਸੁੰਦਰ ਬਸਤੀ ਵਿਚ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਹੈ। ਸਕੂਲ ਦੇ ਮੁੱਖ ਗੇਟ ਅਤੇ ਦੀਵਾਰ ਦੇ ਨਾਲ ਸਾਰੀ ਗਲੀ ਸੀਵਰੇਜ ਦੇ ਦੂਸ਼ਿਤ ਪਾਣੀ ਨਾਲ ਭਰੀ ਪਈ ਹੈ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਕਿ ਉਹ ਛੋਟੇ ਬੱਚਿਆਂ ਨੂੰ ਖੁਦ ਪਾਣੀ ’ਚੋਂ ਲੰਘ ਕੇ ਸਕੂਲ ਛੱਡ ਕੇ ਆਉਂਦੇ ਹਨ ਅਤੇ ਲਿਆਉਂਦੇ ਹਨ ਕਿਉਂਕਿ ਪਾਣੀ ’ਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ।
ਵਾਰਡ ਨੰਬਰ 21 ਦੀ ਨਗਰ ਕੌਂਸਲਰ ਸ੍ਰੀਮਤੀ ਸਲਮਾ ਦੇਵੀ ਅਤੇ ਮੋਹਤਬਰ ਘਣਸ਼ਾਮ ਨੇ ਕਿਹਾ ਕਿ ਪਿਛਲੇ ਕਰੀਬ ਦੋ ਹਫਤਿਆਂ ਤੋਂ ਸੁੰਦਰ ਬਸਤੀ ’ਚ ਸੀਵਰੇਜ ਓਵਰਫਲੋਅ ਹੋ ਰਿਹਾ ਹੈ ਅਤੇ ਗਲੀਆਂ ਵਿਚ ਦੂਸ਼ਿਤ ਪਾਣੀ ਫੈਲਿਆ ਹੋਇਆ ਹੈ ਪਰ ਵਾਰ-ਵਾਰ ਨਗਰ ਕੌਂਸਲ ਕੋਲ ਮਾਮਲਾ ਉਠਾਉਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਕੂਲ ਅੱਗੇ ਪਾਣੀ ਭਰਿਆ ਖੜ੍ਹਾ ਹੈ ਜਿਸ ਕਾਰਨ ਸਕੂਲੀ ਬੱਚਿਆਂ ਨੂੰ ਬੜੀ ਮੁਸ਼ਕਲ ਸਹਿਣੀ ਪੈਂਦੀ ਹੈ। ਮਾਪੇ ਆਪਣੇ ਬੱਚਿਆਂ ਨੂੰ ਚੁੱਕ-ਚੁੱਕ ਸਕੂਲ ਛੱਡਣ ਆਉਂਦੇ ਹਨ। ਨਗਰ ਕੌਂਸਲਰ ਨੇ ਦੁਖੀ ਹੁੰਦਿਆਂ ਇਥੋਂ ਤੱਕ ਆਖ ਦਿੱਤਾ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਖੁਦ ਰੋਸ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਗੇ।
ਭਲਕ ਤੱਕ ਮਸਲਾ ਹੱਲ ਕਰਵਾਉਣ ਦਾ ਭਰੋਸਾ
ਡੀਈਓ ਪ੍ਰਾਇਮਰੀ ਸੰਗਰੂਰ ਸ੍ਰੀਮਤੀ ਬਲਜਿੰਦਰ ਕੌਰ ਨੇ ਕਿਹਾ ਕਿ ਜਦੋਂ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਸੀ ਤਾਂ ਸਕੂਲ ਵੱਲੋਂ ਆਪਣੀ ਰਿਪੋਰਟ ’ਚ ਸਕੂਲ ਅੱਗੇ ਖੜ੍ਹੇ ਪਾਣੀ ਦੀ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਧਿਆਨ ’ਚ ਹੈ ਅਤੇ ਸੋਮਵਾਰ ਤੱਕ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ।