ਇਮਾਰਤਾਂ ਸੀਲ ਕਰਨ ਵਿਰੁੱਧ ਨਿੱਤਰੇ ਦੁਕਾਨਦਾਰ
ਨਗਰ ਕੌਂਸਲ ਖ਼ਿਲਾਫ਼ ਮੁਜ਼ਾਹਰਾ; ਵਪਾਰ ਮੰਡਲ ਵੱਲੋਂ ਸ਼ਹਿਰ ਬੰਦ ਕਰਨ ਦੀ ਚਿਤਾਵਨੀ
ਇਥੇ ਨਾਭਾ ਗੇਟ ਬਾਜ਼ਾਰ ਵਿੱਚ ਨਗਰ ਕੌਂਸਲ ਵੱਲੋਂ ਦੋ ਇਮਾਰਤਾਂ ਸੀਲ ਕਰਨ ’ਤੇ ਮਾਹੌਲ ਭਖ ਗਿਆ। ਕੌਂਸਲ ਦੀ ਕਾਰਵਾਈ ਤੋਂ ਖਫ਼ਾ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਭਾ ਗੇਟ ਵਿੱਚ ਦੋ ਇਮਾਰਤਾਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਪੁਲੀਸ ਦੀ ਮਦਦ ਨਾਲ ਨਗਰ ਕੌਂਸਲ ਵੱਲੋਂ ਸੀਲ ਕਰ ਦਿੱਤਾ ਗਿਆ। ਨਗਰ ਕੌਂਸਲ ਦੀ ਇਸ ਕਾਰਵਾਈ ਤੋਂ ਰੋਹ ਵਿੱਚ ਆਏ ਦੁਕਾਨਦਾਰ ਇਕੱਠੇ ਹੋ ਗਏ ਅਤੇ ਉਨ੍ਹਾਂ ਰੋਸ ਪ੍ਰਦਰਸ਼ਨ ਕੀਤਾ। ਨਾਭਾ ਗੇਟ ਬਾਜ਼ਾਰ ਵਿੱਚ ਰੋਸ ਵਜੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਦੁਕਾਨਦਾਰਾਂ ਦੀ ਹਮਾਇਤ ਵਿੱਚ ਸ਼ਹਿਰ ਦੇ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਵੀ ਮੌਕੇ ’ਤੇ ਆਪਣੇ ਸਾਥੀਆਂ ਸਣੇ ਪੁੱਜ ਗਏ। ਦੁਕਾਨਦਾਰਾਂ ਨੇ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਨਗਰ ਕੌਸ਼ਲ ਦਫ਼ਤਰ ਵਿਚ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਅਤੇ ਨਗਰ ਕੌਂਸਲ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ। ਵਪਾਰ ਮੰਡਲ ਵੱਲੋਂ ਭਲਕੇ 28 ਨਵੰਬਰ ਨੂੰ ਰੋਸ ਵਜੋਂ ਸੰਗਰੂਰ ਸ਼ਹਿਰ ਬੰਦ ਰੱਖਣ ਦੀ ਚਿਤਾਵਨੀ ਦਿੱਤੀ ਗਈ ਹੈ। ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਸਬੰਧਤ ਦੁਕਾਨਦਾਰ ਜੁਰਮਾਨਾ ਵੀ ਭਰਨ ਲਈ ਤਿਆਰ ਹਨ ਪਰੰਤੂ ਨਗਰ ਕੌਂਸਲ ਵੱਲੋਂ ਜਬਰੀ ਦੁਕਾਨਾਂ ਸੀਲ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਾਰਨ ਵਪਾਰੀ ਵਰਗ ਵਿੱਚ ਰੋਸ ਹੈ। ਇਸ ਮੌਕੇ ਐਡਵੋਕੇਟ ਕਮਲ ਆਨੰਦ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਮਹੇਸ ਕੁਮਾਰ ਸਿੰਗਲਾ, ਕੌਂਸਲਰ, ਸੁਰਿੰਦਰ ਸਿੰਘ ਭਿੰਡਰ ਤੇ ਹੋਰ ਕੌਂਸਲਰ ਮੌਜੂਦ ਸਨ। ਸ਼ਹਿਰ ਵਿਚ ਮਾਮਲਾ ਵਿਚ ਭਖਣ ਤੋਂ ਬਾਅਦ ਨਗਰ ਕੌਂਸਲ ਨੇ ਭਲਕੇ 28 ਨਵੰਬਰ ਨੂੰ ਮੀਟਿੰਗ ਬੁਲਾਈ ਹੈ ਜਿਸ ਦੀ ਪੁਸ਼ਟੀ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਜਾਰੀ ਲਿਖਤੀ ਏਜੰਡੇ ਵਿਚ ਕੀਤੀ ਗਈ ਹੈ। ਵਪਾਰ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਭਲਕੇ 28 ਨਵੰਬਰ ਨੂੰ ਸਵੇਰੇ 11 ਵਜੇ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਵਪਾਰ ਮੰਡਲ ਦੇ ਨੁੰਮਾਇਦੇ ਸ਼ਾਮਲ ਹੋਣਗੇ ਜਿਸ ਕਾਰਨ ਭਲਕੇ ਸ਼ਹਿਰ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਜੇਕਰ ਮਸਲਾ ਹੱਲ ਨਾ ਹੋਇਆ ਤਾਂ 29 ਨਵੰਬਰ ਨੂੰ ਅਗਲਾ ਐਕਸ਼ਨ ਉਲੀਕਿਆ ਜਾਵੇਗਾ।

