ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਅੰਦਰ ਗਊਸ਼ਾਲਾ ਨੇੜੇ ਨਾਲੀਆਂ ਦਾ ਪਾਣੀ ਸੜਕਾਂ ’ਤੇ ਖੜ੍ਹਨ ਕਾਰਨ ਦੁਕਾਨਦਾਰਾਂ ’ਚ ਰੋਸ ਹੈ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਰੋਡ ’ਤੇ ਗਊਸ਼ਾਲਾ ਗੇਟ ਨੇੜੇ ਨਾਲੀਆਂ ਦਾ ਪਾਣੀ ਦੋ ਦਿਨ ਤੋਂ ਸੜਕਾਂ ਦੇ ਕਿਨਾਰਿਆਂ ਤੱਕ ਦੁਕਾਨਾਂ ਦੇ ਐਨ ਅੱਗੇ ਖੜ੍ਹਾ ਹੈ। ਫਰਿੱਜ਼ਾਂ ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਦੇ ਮਕੈਨਿਕ ਦੁਕਾਨਦਾਰ ਬਿੰਨੀ ਗਰਗ ਦਾ ਦਾਅਵਾ ਹੈ ਕਿ ਗੰਦੇ ਪਾਣੀ ’ਚੋਂ ਬਦਬੂ ਆ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦਾ ਦੁਕਾਨਾਂ ’ਚ ਬੈਠਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵੱਲੋਂ ਆਪਣੇ ਟੈਂਕ ਰਾਹੀਂ ਪਾਣੀ ਕੱਢਣ ਦਾ ਯਤਨ ਜ਼ਰੂਰ ਕੀਤਾ ਗਿਆ ਸੀ। ਸ੍ਰੀ ਗਰਗ ਨੇ ਦੱਸਿਆ ਕਿ ਸ਼ਿਵਪੁਰੀ ਮੁਹੱਲੇ ’ਚ ਟੂਟੀਆਂ ’ਚ ਸਾਫ਼ ਪਾਣੀ ਨਾ ਆਉਣ ਕਾਰਨ ਸੀਵਰੇਜ ਦਾ ਪਾਣੀ ਕੁੱਝ ਥਾਵਾਂ ’ਤੇ ਵਾਟਰ ਵਰਕਸ ਦੇ ਪਾਣੀ ’ਚ ਮਿਲਣ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਐੱਸਡੀਐੱਮ ਨੂੰ ਵੀ ਜਾਣੂ ਕਰਵਾਇਆ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।
ਸੀਵਰਮੈਨਾਂ ਦੀ ਹੜਤਾਲ ਕਾਰਨ ਸਮੱਸਿਆ: ਈਓ
ਕਾਰਜਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਸੀਵਰਮੈਨਾਂ ਦੀ ਹੜਤਾਲ ਚੱਲ ਰਹੀ ਹੈ ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਯਤਨਸ਼ੀਲ ਹਨ।