ਸੰਗਰੂਰ ’ਚ ਸੀਵਰੇਜ ਦੀ ਸਮੱਸਿਆ ਗੰਭੀਰ
ਕਾਂਗਰਸ ਦੇ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਨੇ ਸ਼ਹਿਰ ਵਿੱਚ ਦਿਨੋ ਦਿਨ ਨਿੱਘਰ ਰਹੀ ਸੀਵਰੇਜ ਦੀ ਸਮੱਸਿਆ ਬਾਰੇ ਡਿਪਟੀ ਕਮਿਸ਼ਨਰ ਦੇ ਨਾਂ ਇੱਕ ਮੰਗ ਪੱਤਰ ਉਪ ਮੰਡਲ ਮੈਜਿਸਟ੍ਰੇਟ ਚਰਨਜੋਤ ਸਿੰਘ ਵਾਲੀਆ ਨੂੰ ਦਿੱਤਾ ਅਤੇ ਸ਼ਹਿਰ ਵਿਚ ਗੰਭੀਰ ਹੋਈ ਸੀਵਰੇਜ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਕਾਂਗਰਸੀ ਕੌਂਸਲਰ ਦੇ ਵਫਦ ਦੀ ਅਗਵਾਈ ਕਰਦਿਆਂ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਦੱਸਿਆ ਕਿ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਬੇਹੱਦ ਗੰਭੀਰ ਹੋ ਚੁੱਕੀ ਹੈ ਜਿਸ ਕਾਰਨ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਸ਼ਹਿਰ ਦੇ ਲਗਭਗ ਹਰੇਕ ਵਾਰਡ ਵਿੱਚ ਸੀਵਰੇਜ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ। ਅਧਿਕਾਰੀਆਂ ਨੂੰ ਕਹਿਣ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋ ਰਹੀ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੰਦਾ ਪਾਣੀ ਗਲੀਆਂ ’ਚ ਭਰਿਆ ਹੈ ਤੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਨਾਭਾ ਗੇਟ ਮਾਤਾ ਰਾਣੀਆਂ ਵਾਲੀ ਗਲੀ, ਕਿਸ਼ਨਪੁਰਾ ਮਹੱਲਾ ਸੁਨਾਮੀ ਗੇਟ, ਥਲੇਸ ਬਾਗ, ਪਟਿਆਲਾ ਗੇਟ ਅਤੇ ਗੁਰੂ ਨਾਨਕ ਕਲੋਨੀ ਵਿੱਚ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਲੋਕਾਂ ਨੂੰ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਦੀ ਸਫ਼ਾਈ ਲਈ ਮੁੱਖ ਮੰਤਰੀ ਪੰਜਾਬ ਵਲੋਂ ਦਿੱਤੀਆਂ ਸੁਪਰ ਸ਼ਕਸ਼ਨ ਮਸ਼ੀਨਾਂ ਕਿਸੇ ਕੰਮ ਨਹੀਂ ਆ ਰਹੀਆਂ ਅਤੇ ਪਤਾ ਨਹੀਂ ਕਿਥੇ ਹਨ। ਉਨ੍ਹਾਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਇਸ ਸਮੱਸਿਆ ਤੋਂ ਖਹਿੜਾ ਛੁੜਾਇਆ ਜਾਵੇ। ਕਾਂਗਰਸੀ ਕੌਂਸਲਰਾਂ ਦੇ ਵਫਦ ਵਿੱਚ ਮਨੋਜ ਕੁਮਾਰ ਮਨੀ ਕਥੂਰੀਆ, ਅੰਜੂ ਸ਼ਰਮਾ, ਜੋਤੀ ਗਾਬਾ ਅਤੇ ਸੁਰਿੰਦਰ ਸਿੰਘ ਭਿੰਡਰ ਆਦਿ ਮੌਜੂਦ ਸਨ।