ਸੀਵਰੇਜ ਬੋਰਡ ਮੁਲਾਜ਼ਮਾਂ ਵੱਲੋਂ ਮੰਗਾਂ ਮੰਨਵਾਉਣ ਲਈ ਹੜਤਾਲ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਹੜਤਾਲੀ ਕਾਮਿਆਂ ਵਲੋਂ ਇਥੇ ਵਿਭਾਗ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਯੂਨੀਅਨ ਦੇ ਸੂਬਾਈ ਵਫ਼ਦ ਦੀ ਚੰਡੀਗੜ੍ਹ ਵਿੱਚ ਅੱਜ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਹੋਵੇਗੀ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦਾ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਸੰਘਰਸ਼ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਥੇਬੰਦੀ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਮੀਟਿੰਗਾਂ ਵਿੱਚ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਾਰਨ ਹੀ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੂਬਾ ਪੱਧਰੀ ਹੜਤਾਲ ਵਿਚ ਸੀਵਰਮੈਨ, ਬੇਲਦਾਰ, ਫਿਟਰ, ਕੀ-ਮੈਨ, ਪੰਪ ਅਪਰੇਟਰ ਅਤੇ ਗ੍ਰੇਟਸ ਕੰਪਨੀ ਦੇ ਰਾਹੀਂ ਕੰਮ ਕਰਦੇ ਡਰਾਈਵਰ, ਮਾਲੀ-ਕਮ- ਚੌਕੀਦਾਰ, ਪੀਅਨ, ਸੇਵਦਾਰ ਕਲਰਕ ਲਗਪਗ ਸਾਰੀਆਂ ਕੈਟਾਗਰੀਆਂ ਇਸ ਹੜਤਾਲ ਵਿੱਚ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਿੱਚ ਆਊਟਸੋਰਸ ਤੌਰ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਮਹਿਕਮੇ ਵਿਚ ਮਰਜ ਕਰਕੇ ਤੁਰੰਤ ਰੈਗੂਲਰ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਤਨਖਾਹ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਸੇਵਾਮੁਕਤੀ ਦੀ ਕਗਾਰ ’ਤੇ ਪੁੱਜੇ ਆਊਟਸੋਰਸ ਕਾਮਿਆਂ ਦੀ ਨੌਕਰੀ ਦੀ ਉਮਰ 65 ਸਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਲਕੇ 6 ਅਗਸਤ ਨੂੰ ਕੈਬਨਿਟ ਸਬ ਕਮੇਟੀ ਨਾਲ ਚੰਡੀਗੜ੍ਹ ਵਿੱਚ ਯੂਨੀਅਨ ਦੀ ਮੀਟਿੰਗ ਹੋਣੀ ਹੈ। ਜੇਕਰ ਮੀਟਿੰਗ ’ਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਜਦੋਂ ਤੱਕ ਮੰਗਾਂ ਦੀ ਪੂਰਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਦੇਵ ਸਿੰਘ ਮੰਡੇਰ, ਜਗਵੀਰ ਸਿੰਘ, ਮਿਲਖਾ ਸਿੰਘ, ਨਰਿੰਦਰ ਕੁਮਾਰ ਮੋਰਿੰਡਾ, ਵਿਨੋਦ ਕੁਮਾਰ ਬਰਨਾਲਾ, ਸ੍ਰੀ ਨਿਵਾਸ ਸ਼ਰਮਾ ਸੰਗਰੂਰ, ਗੁਰਜੰਟ ਸਿੰਘ ਉਗਰਾਹਾਂ, ਕੁਲਦੀਪ ਸਿੰਘ ਸੰਗਰੂਰ, ਨਰਿੰਦਰ ਸਿੰਘ ਨੰਗਲ, ਨਰੇਸ਼ ਕੁਮਾਰ ਰਾਜਪੁਰਾ, ਜਗਤਾਰ ਸਿੰਘ ਬਠਿੰਡਾ, ਅਨੂਪ ਸ਼ਰਮਾ ਦੀਨਾਨਗਰ, ਹਰਿਗੋਬਿੰਦਪੁਰਾ, ਫ਼ਤਹਿਗੜ੍ਹ ਚੂੜੀਆਂ, ਦਲਜੀਤ ਸਿੰਘ, ਸੰਜੂ ਧੂਰੀ ਅਤੇ ਗਗਨ ਫਿਰੋਜ਼ਪੁਰ ਸਾਥੀ ਧਰਨੇ ਵਿੱਚ ਸ਼ਾਮਲ ਸਨ।