ਮੀਟਿੰਗ ਮੁਲਤਵੀ ਹੋਣ ਤੋਂ ਸੀਵਰੇਜ ਕਾਮੇ ਖਫ਼ਾ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਵਲੋਂ 28 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਅਰਥੀ ਫ਼ੂਕ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਦਾ ਸਰਕਾਰ ਦਾ ਰਵੱਈਆ ਨਾ ਬਦਲਿਆ ਤਾਂ 7 ਅਗਸਤ ਨੂੰ ਪੰਜਾਬ ਭਰ ਦੀਆਂ ਸੀਵਰੇਜ ਦੀਆਂ ਮੋਟਰਾਂ ਬੰਦ ਕੀਤੀਆਂ ਜਾਣਗੀਆਂ।
ਮੀਟਿੰਗ ਮਗਰੋਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਅਤੇ ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ ਨੇ ਕਿਹਾ ਕਿ ਅੱਜ ਸਰਕਾਰ ਨਾਲ ਮੀਟਿੰਗ ਹੋਣੀ ਸੀ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂਨੀਅਨ ਨੂੰ ਫੋਨ ਕਰਕੇ ਜਾਣੂ ਕਰਵਾ ਦਿੱਤਾ ਗਿਆ ਕਿ 25 ਜੁਲਾਈ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਇਹ ਮੀਟਿੰਗ ਹੁਣ 6 ਅਗਸਤ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ ਵਾਰ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਾਮਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਮੁਲਤਵੀ ਕੀਤੇ ਜਾਣ ਤੋਂ ਖਫ਼ਾ ਯੂਨੀਅਨ ਵਲੋਂ 28 ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਪਹਿਲੀ ਅਗਸਤ ਤੋਂ ਸੀਵਰੇਜ ਬੋਰਡ ਦੇ ਪੰਜਾਬ ਭਰ ਦੇ ਕਾਮਿਆਂ ਵਲੋਂ ਫੀਲਡ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 6 ਅਗਸਤ ਦੀ ਮੀਟਿੰਗ ਤੋਂ ਵੀ ਸਰਕਾਰ ਭੱਜਦੀ ਹੈ ਤਾਂ 7 ਅਗਸਤ ਨੂੰ ਪੰਜਾਬ ਭਰ ਦੀਆਂ ਸੀਵਰੇਜ ਦੀਆਂ ਮੋਟਰਾਂ ਬੰਦ ਕੀਤੀਆਂ ਜਾਣਗੀਆਂ ।