ਜਿਮਖਾਨਾ ਕਲੱਬ ਦੀ ਮੀਟਿੰਗ ਵਿੱਚ ਡੈਮੋਕ੍ਰੈਟਿਕ ਗਰੁੱਪ ਦੀਆਂ ਕਈ ਮਦਾਂ ਪ੍ਰਵਾਨ
ਕਲੱਬ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹੋਂਦ ’ਚ ਆਇਆ ਹੈ ਡੈਮੋਕ੍ਰੈਟਿਕ ਗਰੁੱਪ: ਧਾਲ਼ੀਵਾਲ
ਰਾਜਿੰਦਰਾ ਜਿਮਖਾਨਾ ਕਲੱਬ ਪਟਿਆਲਾ ਦੀ ਮੈਨੇਜਮੈਂਟ ਨੂੰ ਲੈ ਕੇ ਬੀਤੀ ਦਿਨੀਂ ਮੀਟਿੰਗ ਵਿਚ ਹੰਗਾਮਾ ਹੋਇਆ ਜਿਸ ਵਿੱਚ ਰਿਕਾਰਡ ਹਾਜ਼ਰੀ ਦਰਜ ਕੀਤੀ ਗਈ। ਇਸ ਮੀਟਿੰਗ ਵਿੱਚ ਸਾਬਕਾ ਐੱਸ ਐੱਸ ਪੀ ਭੁਪਿੰਦਰ ਸਿੰਘ ਖੱਟੜਾ ਅਤੇ ਡੀ ਐੱਸ ਪੀ ਵਿਲੀਅਮ ਜੇਜੀ ਦੀ ਅਗਵਾਈ ਵਿਚ ਕਲੱਬ ਵਿੱਚ ਨਵੇਂ ਬਣੇ ਗਰੁੱਪ ‘ਡੈਮੋਕ੍ਰੈਟਿਕ ਗਰੁੱਪ’ ਦੇ 250 ਮੈਂਬਰਾਂ ਦੀ ਹਾਜ਼ਰੀ ਕਾਰਨ ਕਾਬਜ਼ ਧੜੇ ਨੂੰ ਕਈ ਮਾਮਲਿਆਂ ਵਿੱਚ ਆਪਣਾ ਰੁਖ ਨਰਮ ਰੱਖਣਾ ਪਿਆ। ਇਸ ਮੌਕੇ ਡੈਮੋਕਰੈਟਿਕ ਗਰੁੱਪ ਵੱਲੋਂ ਸਾਬਕਾ ਐੱਸ ਐੱਸ ਪੀ ਪ੍ਰਿਤਪਾਲ ਥਿੰਦ ਤੇ ਭੁਪਿੰਦਰ ਖੱੱਟੜਾ, ਸੇਵਾਮੁਕਤ ਐੱਸ ਪੀ ਗੁਰਦੇਵ ਧਾਲੀਵਾਲ, ਡੀ ਐੱਸ ਪੀ ਜਸਵਿੰਦਰ ਟਿਵਾਣਾ ਤੇ ਦਲਬੀਰ ਗਰੇਵਾਲ, ਸਾਬਕਾ ਡਾਇਰੈਕਟਰ ਅਸ਼ੋਕ ਰੌਣੀ, ਐਕਸੀਅਨ ਇੰਦਰਜੀਤ ਗਿੱਲ, ਚੀਫ ਇੰਜੀਨਅਰ ਜਸਬੀਰ ਸਿੰਘ, ਅਸ਼ੋਕ ਦਿਕਸ਼ਤ, ਚੀਫ ਸਰਵੇਅਰ ਮਨਦੀਪ ਕਟਾਰੀਆ, ਰਿਟਾਇਰਡ ਡੀ ਏ ਸੰਜੀਵ ਗੁਪਤਾ, ਸਿਵਲ ਸਰਜਨ ਡਾ. ਜੋਗੀ ਥਿੰਦ, ਡੀ ਏ ਅਜੀਤਇੰਦਰ ਗਰੇਵਾਲ ਅਤੇ ਨਰੇਸ਼ ਸਿੰਗਲਾ ਆਦਿ ਮੌਜੂਦ ਸਨ। ਡੀ ਐੱਸ ਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਹੀ ਮੰਚ ਸੰਚਾਲਣ ਵਾਲ਼ਾ ਮਾਈਕ ਬੰਦ ਕਰ ਦਿੱਤਾ ਗਿਆ ‘ਜਿਸ ’ਤੇ ਡੈਮੋਕ੍ਰੈਟਿਕ ਗਰੁੱਪ’ ਨੇ ਵਿਰੋਧ ਕੀਤਾ। ਉਪਰੰਤ ਮਈਕ ਚਲਾਉਣ ਸਮੇਤ ਮੰਚ ਵੀ ਡਾ. ਸੁਖਦੀਪ ਬੋਪਾਰਾਏ ਨੂੰ ਦੇਣਾ ਪਿਆ। ਇਸ ਦੌਰਾਨ ਵੱਡਾ ਵਿਵਾਦ ਗੋਲਡਨ ਹੈਂਡ ਸ਼ੇਕ ਸਕੀਮ ਦੇ ਆਲੇ-ਦੁਆਲੇ ਕੇਂਦਰਿਤ ਰਿਹਾ, ਜਿਸ ’ਚ ਮੈਂਬਰਸ਼ਿਪ ਛੱਡਣ ’ਤੇ ਸਵਾ ਲੱਖ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਡੈਮੋਕ੍ਰੈਟਿਕ ਗਰੁੱਪ ਨੇ ਫੀਸ ਘੱਟ ਦੱਸਦਿਆਂ ਦੋ ਲੱਖ ਦਾ ਪ੍ਰਸਤਾਵ ਰੱਖਿਆ, ਤਾਂ ਵੋਟਿੰਗ ਉਪਰੰਤ ਇਹ ਫੀਸ 1.60 ਲੱਖ ਰੁਪਏ ਕਰਨੀ ਪਈ।
ਵਿਜਲੀਮ ਜੇਜੀ ਦੇ ਮੁਤਾਬਿਕ ਲੋੜੀਂਦਾ ਸਾਮਾਨ ਮਾਨਤਾ ਪ੍ਰਾਪਤ ਸਟੈਂਡਰਡ ਕੰਪਨੀਆਂ ਤੋਂ ਹੀ ਲਏ ਜਾਣ ਅਤੇ ਇਸਦੇ ਟੈਂਡਰ ਜਨਤਕ ਕੀਤੇ ਜਾਣ ਸਮੇਤ ਟੈਰਿਸ ਦੀ ਰੈਨੋਵੇਸ਼ਨ ਲਈ ਅਧਿਕਾਰ ਨਵੀਂ ਚੁਣੀ ਗਈ ਕਮੇਟੀ ਕੋਲ ਹੋਣ ਦੀ ਮਦ ਵੀ ਪ੍ਰਵਾਨ ਹੋਈ।
ਏ ਜੀ ਐੱਮ ਅਤੇ ਵਿਭਾਗੀ ਮਨਜ਼ੂਰੀ ਤੋਂ ਬਿਨਾਂ ਹੀ ‘ਮਲਟੀ ਸਪੋਰਟਸ ਏਰੇਨਾ’ ਬਣਾਉਣ ਦੇ ਨਾਮ ’ਤੇ ਕੱਟੇ ਗਏ ਦਰੱਖ਼ਤਾਂ ਦਾ ਮਾਮਲਾ ਵੀ ਗਰੁੱਪ’ ਨੇ ਜ਼ੋਰਦਾਰ ਢੰਗ ਨਾਲ ਉਠਾਇਆ। ਡੈਮੋਕ੍ਰੈਟਿਕ ਗਰੁੱਪ ਦੇ ਇੱਕ ਹੋਰ ਸੀਨੀਅਰ ਮੈਂਬਰ ਐੱਸ ਪੀ ਗੁਰਦੇਵ ਧਾਲ਼ੀਵਾਲ ਦਾ ਕਹਿਣਾ ਸੀ ਸਾਬਕਾ ਅਤੇ ਮੌਜੂਦਾ ਸਿਵਲ ਤੇ ਪੁਲੀਸ ਅਧਿਕਾਰੀਆਂ, ਇੰਜਨੀਅਰਾਂ ਤੇ ਡਾਕਟਰਾਂ ਸਮੇਤ ਕਾਰੋਬਾਰੀਆਂ ਆਦਿ ਪ੍ਰਮੁੱਖ ਆਗੂਆਂ
’ਤੇ ਆਧਾਰਿਤ ‘ਡੈਮੋਕ੍ਰੈਟਿਕ ਗਰੁੱਪ’, ਕਲੱਬ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਬਣਾਇਆ ਗਿਆ ਹੈ।

