ਪਾਸਲਾ ਧੜੇ ਦੇ ਕਈ ਕਾਰਕੁਨ ਸੀਪੀਐੱਮ ਵਿਚ ਸ਼ਾਮਲ
ਸੰਗਰੂਰ: ਸਥਾਨਕ ਸੀਪੀਆਈ(ਐੱਮ) ਦਫਤਰ ਵਿਖੇ ਇੱਕ ਮੀਟਿੰਗ ਦੌਰਾਨ ਪਾਸਲਾ ਧੜਾ ਛੱਡ ਕੇ ਕਈ ਵਰਕਰ ਸੀਪੀਆਈ (ਐਮ) ਵਿਚ ਸ਼ਾਮਲ ਹੋ ਗਏ। ਸੀਪੀਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਸ਼ਾਮਲ ਹੋਏ ਸਾਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੀਟਿੰਗ ਵਿਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਅਬਦੁਲ ਸਤਾਰ ਅਤੇ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਵੀ ਸ਼ਾਮਲ ਹੋਏ। -ਨਿੱਜੀ ਪੱਤਰ ਪ੍ਰੇਰਕ
ਮੰਦਰ ਦੇ 200 ਮੀਟਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ
ਪਟਿਆਲਾ: ਵਧੀਕ ਜ਼ਿਲ੍ਹਾ ਮੈਜਿਸਟਰੇਟ ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਕਾਲੀ ਦੇਵੀ ਮੰਦਰ ਕੰਪਲੈਕਸ, ਪਟਿਆਲਾ ਵਿਖੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ੍ਰੀ ਕਾਲੀ ਦੇਵੀ ਮੰਦਰ ਕੰਪਲੈਕਸ, ਪਟਿਆਲਾ ਅਤੇ ਇਸਦੇ ਆਲੇ ਦੁਆਲੇ ਲੱਗਦੇ 200 ਮੀਟਰ ਖੇਤਰ ਨੂੰ ‘ਨੋ ਡਰੋਨ ਜ਼ੋਨ’ ਐਲਾਨ ਦਿੱਤਾ ਹੈ। ਇਹ ਹੁਕਮ 8 ਨਵੰਬਰ ਤੱਕ ਲਾਗੂ ਰਹਿਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ
ਭੀਖ ਮੰਗਦੇ ਤਿੰਨ ਬੱਚੇ ਛੁਡਾਏ
ਪਟਿਆਲਾ: ਜੀਵਨ ਜੋਤ ਪ੍ਰਾਜੈਕਟ ਤਹਿਤ ਬਾਲ ਭਿੱਖਿਆ ਦੇ ਖ਼ਾਤਮਾ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਪੁਰਾਣਾ ਬੱਸ ਸਟੈਂਡ, ਲੀਲ੍ਹਾ ਭਵਨ ਪਟਿਆਲਾ, ਨਵਾਂ ਬੱਸ ਸਟੈਂਡ, ਗੁਰਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਵਿਖੇ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਤਿੰਨ ਬੱਚਿਆਂ ਨੂੰ ਬਾਲ ਭਿੱਖਿਆ ਕਰਦੇ ਹੋਏ ਰੈਸਕਿੳ ਕੀਤਾ ਗਿਆ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ -ਕਮ- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਪਟਿਆਲਾ ਤ੍ਰਿਪਤਾ ਰਾਣੀ ਵੱਲੋਂ ਦੱਸਿਆ ਗਿਆ ਕਿ ਜੀਵਨ ਜੋਤ ਪ੍ਰੋਜੈਕਟ ਅਧੀਨ ਇਹ ਰੇਡਾਂ ਨਿਰੰਤਰ ਚਲਦੀਆਂ ਰਹਿਣਗੀਆਂ ਅਤੇ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਹਰ ਮੁਮਕਿਨ ਕਦਮ ਚੁੱਕਿਆ ਜਾਵੇਗਾ। ਬਾਲ ਭਲਾਈ ਕਮੇਟੀ ਵੱਲੋਂ ਇਨ੍ਹਾਂ ਬੱਚਿਆਂ ਦੇ ਦਸਤਾਵੇਜ਼ ਵੈਰੀਫਾਈ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਪੁਨਰਵਸੇਬਾ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਜਿਸ ਉਪਰੰਤ ਇਨ੍ਹਾਂ ਬੱਚਿਆਂ ਨੂੰ ਵੱਖ ਵੱਖ ਸਰਕਾਰੀ ਸਕੀਮਾਂ ਨਾਲ ਜੋੜਿਆ ਜਾਵੇਗਾ। -ਪੱਤਰ ਪ੍ਰੇਰਕ