ਬੜੀ ’ਚੋਂ ਸੱਤ ਸੌ ਲਿਟਰ ਲਾਹਣ ਬਰਾਮਦ
ਸਰਕਲ ਸ਼ੇਰਪੁਰ ਵਿੱਚ ਮਹਿਲਾ ਐਕਸਾਈਜ਼ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਐਕਸਾਈਜ਼ ਟੀਮ ਨੇ ਅੱਜ ਸ਼ਾਮ ਸਮੇਂ ਸ਼ੇਰਪੁਰ ਨੇੜਲੇ ਪਿੰਡ ਬੜੀ ਵਿੱਚ ਛਾਪਾ ਮਾਰ ਕੇ ਭੱਠੀ, ਸੈਂਕੜੇ ਲਿਟਰ ਲਾਹਣ ਅਤੇ ਸ਼ਰਾਬ ਤਿਆਰ ਕਰਨ ਵਾਲਾ ਹੋਰ ਸਾਮਾਨ ਬਰਾਮਦ ਕੀਤਾ। ਇੰਸਪੈਕਟਰ ਗਗਨਦੀਪ...
ਸਰਕਲ ਸ਼ੇਰਪੁਰ ਵਿੱਚ ਮਹਿਲਾ ਐਕਸਾਈਜ਼ ਇੰਸਪੈਕਟਰ ਗਗਨਦੀਪ ਕੌਰ ਦੀ ਅਗਵਾਈ ਹੇਠ ਐਕਸਾਈਜ਼ ਟੀਮ ਨੇ ਅੱਜ ਸ਼ਾਮ ਸਮੇਂ ਸ਼ੇਰਪੁਰ ਨੇੜਲੇ ਪਿੰਡ ਬੜੀ ਵਿੱਚ ਛਾਪਾ ਮਾਰ ਕੇ ਭੱਠੀ, ਸੈਂਕੜੇ ਲਿਟਰ ਲਾਹਣ ਅਤੇ ਸ਼ਰਾਬ ਤਿਆਰ ਕਰਨ ਵਾਲਾ ਹੋਰ ਸਾਮਾਨ ਬਰਾਮਦ ਕੀਤਾ। ਇੰਸਪੈਕਟਰ ਗਗਨਦੀਪ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਛਾਪੇਮਾਰੀ ਗੁਪਤ ਸੂਚਨਾ ਮਿਲਣ ਦੇ ਆਧਾਰ ’ਤੇ ਕੀਤੀ ਸੀ ਜਿਸ ਦੌਰਾਨ 14 ਡਰੰਮ ਤੇ ਤਕਰੀਬਨ 700 ਲਿਟਰ ਲਾਹਣ, 21 ਬੋਤਲਾਂ ਸ਼ਰਾਬ, 16 ਅਧੀਏ, 30 ਕਿੱਲੋ ਗੁੜ ਅਤੇ ਕਾਫੀ ਮਾਤਰਾ ’ਚ ਦਾਰੂ ਤਿਆਰ ਕਰਨ ਵਾਲਾ ਹੋਰ ਸਾਮਾਨ ਮਿਲਿਆ ਹੈ। ਉਨ੍ਹਾਂ ਇਸ ਮੌਕੇ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਸਬੰਧਤ ਵਿਅਕਤੀ ਨੂੰ ਮੌਕੇ ’ਤੇ ਦਬੋਚ ਲੈਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਸ਼ੇਰਪੁਰ ਪੁਲੀਸ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਅਤੇ ਸਬੰਧਤ ’ਤੇ ਪਰਚਾ ਦਰਜ ਕਰਨ ਸਬੰਧੀ ਅਗਲੇਰੀ ਕਾਰਵਾਈ ਦੀ ਪ੍ਰਕਿਰਿਆ ਅਮਲ ਅਧੀਨ ਹੈ। ਠੇਕੇਦਾਰ ਰਵਿੰਦਰ ਸਿੰਘ ਕਾਲਾ ਨੇ ਕਿਹਾ ਕਿ ਇਸ ਇਲਾਕੇ ਵਿੱਚ ਵੱਡੀ ਪੱਧਰ ‘ਤੇ ਸ਼ਰਾਬ ਵਿਕਣ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਭਾਰੀ ਢਾਹ ਲੱਗ ਰਹੀ ਸੀ। ਸੰਪਰਕ ਕਰਨ ’ਤੇ ਐੱਸਐੱਚਓ ਸ਼ੇਰਪੁਰ ਬਲੌਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਕੋਲ ਕੋਈ ਰੁੱਕਾ ਨਹੀਂ ਪੁੱਜਿਆ ਜਿਸ ਕਰਕੇ ਉਹ ਹਾਲੇ ਕੁੱਝ ਨਹੀਂ ਕਹਿ ਸਕਦੇ।
ਸੰਗਰੂਰ ਪੁਲੀਸ ਵੱਲੋਂ ਹਫ਼ਤੇ ਵਿੱਚ ਚਾਰ ਨਸ਼ਾ ਤਸਕਰ ਕਾਬੂ
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਪੁਲੀਸ ਮੁਖੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਬ-ਡਿਵੀਜ਼ਨ ਸੰਗਰੂਰ ਅਧੀਨ ਆਉਂਦੇ ਥਾਣਾ ਸਦਰ ਸੰਗਰੂਰ, ਥਾਣਾ ਸਿਟੀ ਸੰਗਰੂਰ ਅਤੇ ਥਾਣਾ ਸਿਟੀ-1 ਸੰਗਰੂਰ ਦੀ ਪੁਲੀਸ ਵੱਲੋਂ ਲੰਘੇ ਹਫਤੇ ਦੌਰਾਨ 4 ਕੇਸ ਦਰਜ ਕਰਕੇ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿਚੋਂ 539.34 ਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ ਚਿੱਟਾ, 400 ਨਸ਼ੀਲੀਆਂ ਗੋਲੀਆਂ ਅਤੇ 11 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਸੁਖਦੇਵ ਸਿੰਘ ਉਪ ਕਪਤਾਨ ਪੁਲੀਸ ਸਬ ਡਿਵੀਜ਼ਨ ਸੰਗਰੂਰ ਨੇ ਦਿੱਤੀ।

