DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਨੀਅਰ ਕਾਂਗਰਸੀ ਆਗੂਆਂ ਦੀ ਮੁਹੰਮਦ ਮੁਸਤਫ਼ਾ ਨਾਲ ਮੁਲਾਕਾਤਾਂ ਨੇ ਛੇੜੀ ਚਰਚਾ

ਭਾਰਤ ਭੂਸ਼ਨ ਆਸ਼ੂ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਨਾਲ ਮੁਲਾਕਾਤ; ਰਾਜਾ ਵੜਿੰਗ ਤੇ ਪਰਗਟ ਸਿੰਘ ਵੀ ਕਰ ਚੁੱਕੇ ਨੇ ਮੀਟਿੰਗ
  • fb
  • twitter
  • whatsapp
  • whatsapp
featured-img featured-img
ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨਾਲ ਮੀਟਿੰਗ ਦੌਰਾਨ ਭਾਰਤ ਭੂਸ਼ਨ ਆਸ਼ੂ।
Advertisement

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਪਰਗਟ ਸਿੰਘ ਤੋਂ ਬਾਅਦ ਬੀਤੀ ਦੇਰ ਸ਼ਾਮ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨਾਲ ਉਨ੍ਹਾਂ ਦੇ ਘਰ ਜਾ ਕੇ ਕੀਤੀ ਮੁਲਾਕਾਤ ਪੰਜਾਬ ਦੇ ਸਿਆਸੀ ਹਲਕਿਆਂ ਖਾਸ ਕਰਕੇ ਕਾਂਗਰਸ ਅੰਦਰ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਨਾਬ ਮੁਸਤਫ਼ਾ ਸਾਬਕਾ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਪਤੀ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਕਾਂਗਰਸ ਲੀਡਰਸ਼ਿੱਪ ਖਾਸ ਕਰਕੇ ਰਾਹੁਲ ਗਾਂਧੀ ਦੇ ਅਤਿ ਕਰੀਬੀ ਸਮਝਿਆ ਜਾਂਦਾ ਹੈ। ਜਨਾਬ ਮੁਸਤਫ਼ਾ ਨਾਲ ਵੱਖੋ-ਵੱਖ ਮੀਟਿੰਗਾਂ ਕਰਨ ਉਨ੍ਹਾਂ ਦੇ ਘਰ ਪਹੁੰਚੇ ਰਾਜਾ ਵੜਿੰਗ ਅਤੇ ਪਰਗਟ ਸਿੰਘ ਨਾਲ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਾਰਟੀ ਇੰਚਾਰਜ ਸੁਮਿਤ ਮਾਨ ਦੀ ਮੌਜੂਦਗੀ ਨੂੰ ਵੀ ਵੱਡੇ ਸਿਆਸੀ ਅਰਥਾਂ ਨਾਲ ਵੇਖਿਆ ਜਾ ਰਿਹਾ ਹੈ। ਸੁਮਿਤ ਮਾਨ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਨਿੱਜੀ ਟੀਮ ਵਿਚ ਸ਼ਾਮਲ ਦੱਸੇ ਜਾ ਰਹੇ ਹਨ।

ਇਨ੍ਹਾਂ ਮੀਟਿੰਗਾਂ ਨੂੰ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਹਾਰਨ ਪਿੱਛੋਂ ਪੰਜਾਬ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਅੰਦਰ ਤਿੱਖੇ ਹੋਏ ਸਿਆਸੀ ਕਲੇਸ਼ ਨੂੰ ਠੱਲ੍ਹਣ ਲਈ ਕੇਂਦਰੀ ਕਾਂਗਰਸ ਵੱਲੋਂ ਅਰੰਭੇ ਯਤਨਾਂ ਵਜੋਂ ਵੇਖਿਆ ਜਾ ਰਿਹਾ ਹੈ। ਲੀਡਰਾਂ ਦੀ ਲੜਾਈ ਤੋਂ ਰਾਜ ਦੇ ਕਾਂਗਰਸੀਆਂ ਸਮੇਤ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਵੀ ਡਾਢੀ ਚਿੰਤਤ ਦੱਸੀ ਜਾ ਰਹੀ ਹੈ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਇੰਚਾਰਜੀ ਹੇਠ ਭਾਰਤ ਭੂਸ਼ਨ ਆਸ਼ੂ ਦੀ ਚੋਣ ਮੁਹਿੰਮ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਰਗਟ ਸਿੰਘ ਵਰਗੇ ਆਗੂਆਂ ਦੇ ਹੀ ਹੱਥ ਰਹੀ ਜਦਕਿ ਪਾਰਟੀ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪੰਜਾਬ ਕਾਂਗਰਸ ਦੇ ਵੱਡੇ ਆਗੂ ਚੋਣ ਮੁਹਿੰਮ ’ਚੋਂ ਨਦਾਰਦ ਰਹੇ। ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਮਨੀ ਚੋਣ ਦੇ 23 ਜੂਨ ਨੂੰ ਆਏ ਨਤੀਜੇ ਤੋਂ ਅਗਲੇ ਹੀ ਦਿਨ 24 ਜੂਨ ਨੂੰ ਰਾਜਾ ਵੜਿੰਗ ਨੇ ਸੁਮਿਤ ਮਾਨ ਸਮੇਤ ਜਨਾਬ ਮੁਹੰਮਦ ਮੁਸਤਫ਼ਾ ਦੇ ਘਰ ਪਹੁੰਚ ਕੇ ਕਰੀਬ ਇੱਕ ਘੰਟਾ ਲੰਮੀ ਮੁਲਾਕਾਤ ਕੀਤੀ ਸੀ। ਕੁੱਝ ਦਿਨਾਂ ਬਾਅਦ 17 ਜੁਲਾਈ ਨੂੰ ਏਆਈਸੀਸੀ ਦੇ ਸਕੱਤਰ ਤੇ ਉਤਰਾਖੰਡ ਕਾਂਗਰਸ ਦੇ ਕੋ ਇੰਚਾਰਜ ਪਰਗਟ ਸਿੰਘ ਨੇ ਮਾਲੇਰਕੋਟਲਾ ਸਥਿਤ ਬੀਬੀ ਰਜ਼ੀਆ ਸੁਲਤਾਨਾ ਦੀ ਰਿਹਾਇਸ ‘ਮਾਲੇਰਕੋਟਲਾ ਹਾਊਸ’ ਪਹੁੰਚ ਕੇ ਜਨਾਬ ਮੁਹੰਮਦ ਮੁਸਤਫ਼ਾ ਨਾਲ ਮੀਟਿੰਗ ਕੀਤੀ। ਪਰਗਟ ਸਿੰਘ ਨਾਲ ਵੀ ਸੁਮਿਤ ਮਾਨ ਮੌਜੂਦ ਸਨ।

Advertisement

ਬੀਤੀ ਦੇਰ ਸ਼ਾਮ ਲੁਧਿਆਣਾ ਪੱਛਮੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਸਾਬਕਾ ਮੰਤਰੀ ਭਾਰਤ ਭੂਸਨ ਆਸ਼ੂ ਦੀ ‘ਮਾਲੇਰਕੋਟਲਾ ਹਾਊਸ’ ਪਹੁੰਚ ਕੇ ਮੁਹੰਮਦ ਮੁਸਤਫ਼ਾ ਨਾਲ ਮੀਟਿੰਗ ਨੂੰ ਵੀ ਰਾਜਾ ਵੜਿੰਗ ਅਤੇ ਪਰਗਟ ਸਿੰਘ ਨਾਲ ਹੋਈਆਂ ਮੀਟਿੰਗਾਂ ਦੀ ਲੜੀ ਦਾ ਹਿੱਸਾ ਮੰਨਿਆਂ ਜਾ ਰਿਹਾ ਹੈ। ਮੀਟਿੰਗਾਂ ਵਿਚ ਸਾਬਕਾ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਅਤੇ ਹਲਕਾ ਇੰਚਾਰਜ ਬੀਬਾ ਨਿਸ਼ਾਤ ਅਖਤਰ ਵੀ ਮੌਜੂਦ ਸਨ।

ਪੰਜਾਬ ਤੇ ਕਾਂਗਰਸ ਦੀ ਮਜ਼ਬੂਤੀ ਬਾਰੇ ਚਰਚਾ ਹੋਈ: ਨਿਸ਼ਾਤ ਅਖ਼ਤਰ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ ਅਤੇ ਭਾਰਤ ਭੂਸ਼ਨ ਆਸ਼ੂ ਦੀਆਂ ‘ਮਾਲੇਰਕੋਟਲਾ ਹਾਊਸ’ ਫੇਰੀਆਂ ਅਤੇ ਜਨਾਬ ਮੁਹੰਮਦ ਮੁਸਤਫ਼ਾ ਨਾਲ ਮੀਟਿੰਗਾਂ ਦੀ ਪੁਸ਼ਟੀ ਕਰਦਿਆਂ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਬੀਬਾ ਨਿਸ਼ਾਤ ਅਖਤਰ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦਾ ਇੱਕੋ ਇੱਕ ਮਕਸਦ ਪੰਜਾਬ ਅਤੇ ਸੂਬਾ ਕਾਂਗਰਸ ਨੂੰ ਦਰਪੇਸ਼ ਚੁਣੌਤੀਆਂ ਦੇ ਮੁਕਾਬਲੇ ਲਈ ਠੋਸ ਸਿਆਸੀ ਯੋਜਨਾਬੰਦੀ ਉਲੀਕ ਕੇ ਕਾਂਗਰਸ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਹੈ।

Advertisement
×